ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1509

ਕਲਪਨਾ ਕਰੋ ਕਿ ਤੁਹਾਨੂੰ ਇੱਕ ਮਹਿਲ ਦੀਆਂ ਚਾਬੀਆਂ ਫ਼ੜਾ ਦਿੱਤੀਆਂ ਗਈਆਂ ਹਨ, ਅਤੇ ਉਸ ਦੇ ਅੰਦਰ ਦਾਖ਼ਲ ਹੋਣ ਦਾ ਤੁਹਾਨੂੰ ਸੱਦਾ ਦਿੱਤਾ ਗਿਐ। ਜਦੋਂ ਤੁਸੀਂ ਇੱਕ ਸ਼ਾਨਦਾਰ ਡਰਾਈਵਵੇਅ ਰਾਹੀਂ ਲੰਘਦੇ ਹੋਏ, ਉਸ ਮਹਿਲ ਅੰਦਰ ਜਾਂਦੇ ਹੋ ਤਾਂ ਖ਼ੁਦ ਨੂੰ ਇੱਕ ਉੱਚੇ ਸਾਰੇ ਵਿਸ਼ਾਲ ਦਰਵਾਜ਼ੇ ਸਾਹਮਣੇ ਖੜ੍ਹਾ ਪਾਉਂਦੇ ਹੋ। ਤੁਸੀਂ ਆਪਣੀ ਚਾਬੀ ਬਾਹਰ ਕੱਡਦੇ ਹੋ, ਪਰ ਉਹ ਉਸ ਤਾਲੇ ਨੂੰ ਖੋਲ੍ਹ ਨਹੀਂ ਸਕਦੀ। ਤੁਹਾਨੂੰ ਜਲਦੀ ਹੀ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਸ ਚਾਬੀ ਨਾਲ ਇਮਾਰਤ ਦੀ ਸਾਈਡ ‘ਤੇ ਲੱਗਾ ਇੱਕ ਬਹੁਤ ਹੀ ਛੋਟਾ ਜਿਹਾ ਦਰਵਾਜ਼ਾ ਖੋਲ੍ਹਿਆ ਜਾ ਸਕਦਾ ਹੈ। ਪਰ ਅਸਲ ‘ਚ, ਇਸ ਨਾਲ ਫ਼ਰਕ ਕੀ ਪੈਂਦੈ? ਬਾਹਰੀ ਦ੍ਰਿਸ਼ਟੀਕੋਣ ਤੋਂ, ਹੋ ਸਕਦੈ ਕਿ ਚੀਜ਼ਾਂ ਓਨੀਆਂ ਦਿਲਚਸਪ ਨਾ ਲੱਗ ਰਹੀਆਂ ਹੋਣ, ਪਰ ਅੰਦਰ ਤਾਂ ਸਭ ਕੁਝ ਓਹੋ ਜਿਹਾ ਹੀ ਹੈ ਜਿਵੇਂ ਦਾ ਤੁਸੀਂ ਚਾਹੁੰਦੇ ਸੀ ਕਿ ਹੁੰਦਾ। ਸਤਹੀ ਪ੍ਰਭਾਵ ਦੇ ਆਧਾਰ ‘ਤੇ ਕਿਸੇ ਵੱਡੇ ਮੌਕੇ ਨੂੰ ਖ਼ਾਰਿਜ ਨਾ ਕਰੋ।

ਹਰ ਤੂਫ਼ਾਨ ਤੋਂ ਬਾਅਦ ਸ਼ਾਂਤੀ ਦਾ ਇੱਕ ਸਮਾਂ ਆਉਂਦਾ ਹੈ। ਹਰ ਚੈਨ ਦੇ ਬਾਅਦ ਇੱਕ ਹੋਰ ਤੁਫ਼ਾਨ ਆਉਂਦਾ ਹੈ। ਜੇ ਤੁਸੀਂ ਜ਼ਿੰਦਗੀ ਨੂੰ ਸੱਚਮੁੱਚ ਅਨੰਦਮਈ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਂਤੀ ਦੇ ਨਿੱਘ ਵਾਂਗ ਹਵਾ ਅਤੇ ਮੀਂਹ ਦਾ ਆਨੰਦ ਵੀ ਲੈਣਾ ਪਵੇਗਾ। ਸਪੱਸ਼ਟ ਹੈ ਕਿ ਵੱਖੋ-ਵੱਖਰੇ ਕਾਰਨਾਂ ਕਰ ਕੇ ਉਨ੍ਹਾਂ ਦੀ ਵੱਖੋ-ਵੱਖਰੇ ਤਰੀਕਿਆਂ ਨਾਲ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪਰ ਅਜਿਹੀਆਂ ਸਥਿਤੀਆਂ ‘ਚ ਵੀ ਵਧਣਾ-ਫ਼ੁਲਣਾ ਸੰਭਵ ਹੈ ਜਿਹੜੀਆਂ ਕੁਝ ਲੋਕਾਂ ਨੂੰ ਅਣਚਾਹੀਆਂ ਲੱਗਦੀਆਂ ਨੇ। ਅਤੇ, ਜੇਕਰ ਤੁਸੀਂ ਇਸ ਕਲਾ ‘ਚ ਮੁਹਾਰਤ ਹਾਸਿਲ ਕਰ ਲਈ ਤਾਂ ਤੁਸੀਂ ਇਹ ਚਿੰਤਾ ਕੀਤੇ ਬਿਨਾਂ ਸ਼ਾਂਤੀ ਦਾ ਵਧੇਰੇ ਆਨੰਦ ਮਾਣ ਸਕੋਗੇ ਕਿ ਕਿਤੇ ਉਹ ਤੁਹਾਨੂੰ ਛੱਡ ਕੇ ਤਾਂ ਨਹੀਂ ਚਲੀ ਜਾਵੇਗੀ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਜੋ ਵੀ ਚੰਗਾ ਹੈ, ਉਸ ਲਈ ਖ਼ੁਸ਼ ਹੋਵੋ ਅਤੇ ਕਿਸੇ ਕਿਸਮ ਦੇ ਵੀ ਸੰਭਾਵੀ ਨੁਕਸਾਨ ਤੋਂ ਨਾ ਡਰੋ।

ਕਈ ਵਾਰ ਅਜਿਹਾ ਵਕਤ ਹੁੰਦੈ ਜਦੋਂ ਕਾਹਲੀ ਕਰਨਾ ਬਹੁਤ ਹੀ ਅਣਉਚਿਤ ਹੋ ਜਾਂਦੈ ਅਤੇ ਕਈ ਵਾਰ ਜਲਦਬਾਜ਼ੀ ਕਰਨਾ ਬਿਲਕੁਲ ਸਹੀ ਹੁੰਦਾ ਹੈ। ਇੱਥੋਂ ਤਕ ਤਾਂ ਸਭ ਠੀਕ ਹੈ। ਪਰ, ਅਜੀਬ ਗੱਲ ਇਹ ਹੈ ਕਿ, ਕਈ ਵਾਰ ਅਜਿਹੇ ਵੇਲੇ ਵੀ ਆਉਂਦੇ ਨੇ ਜਦੋਂ ਅਸੀਂ ਇਸ ਗੱਲ ਬਾਰੇ ਨਿਸ਼ਚਤ ਨਹੀਂ ਹੋ ਸਕਦੇ ਕਿ ਅਸੀਂ ਕਿਸ ਤਰ੍ਹਾਂ ਦੇ ਸਮੇਂ ‘ਚੋਂ ਗੁਜ਼ਰ ਰਹੇ ਹਾਂ! ਕੀ ਸਾਨੂੰ ਸਭ ਕੁਝ ਤੇਜ਼-ਤੇਜ਼ ਕਰਨਾ ਚਾਹੀਦੈ? ਕੀ ਸਾਨੂੰ ਹੌਲੀ ਹੋ ਜਾਣਾ ਚਾਹੀਦੈ? ਕੀ ਸਾਨੂੰ ਅੱਗੇ ਵਧਣਾ ਚਾਹੀਦੈ? ਕੀ ਸਾਨੂੰ ਖ਼ੁਦ ਨੂੰ ਪਿੱਛੇ ਖਿੱਚ ਲੈਣਾ ਚਾਹੀਦੈ? ਤੁਹਾਡੇ ਕੋਲ ਅੱਗੇ ਵਧਣ ਦੀ ਅਸਲ ਲੋੜ ਅਤੇ ਕਾਰਨ ਮੌਜੂਦ ਹਨ। ਘਬਰਾਓ ਨਾ ਜਾਂ ਜ਼ਿਆਦਾ ਪ੍ਰਤੀਕਿਰਿਆ ਨਾ ਦਿਖਾਓ, ਪਰ ਆਪਣੇ ਦ੍ਰਿੜ ਇਰਾਦੇ ਨੂੰ ਸੱਦਾ ਦਿਓ ਅਤੇ ਇਸ ਦੌਰਾਨ ਆਪਣੇ ਭਾਵਨਾਤਮਕ ਜੀਵਨ ਦੇ ਸਭ ਤੋਂ ਮਹੱਤਵਪੂਰਣ ਉਦੇਸ਼ਾਂ ਨੂੰ ਹੌਲੀ-ਹੌਲੀ ਪੂਰਾ ਕਰਦੇ ਜਾਓ।

ਜਦੋਂ ਅਸੀਂ ਚੰਗਾ ਸਮਾਂ ਬਿਤਾਉਣ ਲਈ ਨਿਕਲਦੇ ਵੀ ਹਾਂ ਤਾਂ ਕਈ ਵਾਰ ਅਸੀਂ ਉਸ ਵਕਤ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਅਸੀਂ ਸਾਰੀਆਂ ਸਹੀ ਚੀਜ਼ਾਂ ਕਰਦੇ ਹਾਂ, ਸਾਰੀਆਂ ਸਹੀ ਥਾਵਾਂ ‘ਤੇ ਜਾਂਦੇ ਹਾਂ, ਪਰ ਜਾਦੂ ਸਾਡੇ ਤੋਂ ਦੂਰ ਹੀ ਰਹਿੰਦੈ। ਕਈ ਵਾਰ ਜਦੋਂ ਇਹ ਦੁਨੀਆਂ ਵੀ ਸਾਨੂੰ ਚੰਗਾ ਸਮਾਂ ਦੇਣ ਦਾ ਵਾਅਦਾ ਕਰਦੀ ਜਾਪਦੀ ਹੈ, ਉਸ ਵਿੱਚ ਵੀ ਕੋਈ ਨਾ ਕੋਈ ਪੇਚ ਨਿਕਲ ਹੀ ਆਉਂਦੈ। ਕੁਝ ਮਿੱਠੇ ਅਨੁਭਵ ਓਦੋਂ ਪ੍ਰਾਪਤ ਹੁੰਦੇ ਹਨ ਜਦੋਂ ਅਸੀਂ ਖ਼ਾਸ ਤੌਰ ‘ਤੇ ਉਨ੍ਹਾਂ ਦੀ ਉਮੀਦ ਨਹੀਂ ਕਰ ਰਹੇ ਹੁੰਦੇ। ਉਹ ਬਿਲਕੁਲ ਉਸੇ ਤਰ੍ਹਾਂ ਵਾਪਰਦੇ ਨੇ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਵਾਪਰਦੇ, ਅਤੇ ਉਹ ਸਾਡੇ ਇਸ ਢਹਿੰਦੇ ਵਿਸ਼ਵਾਸ ਦੀ ਪੁਸ਼ਟੀ ਕਰਦੇ ਹਨ ਕਿ ਇਹ ਬ੍ਰਹਿਮੰਡ ਵਾਕਈ ਕਰੀਮ ਹੈ, ਦਿਆਲੂ ਹੈ। ਅਜਿਹੇ ਸਮਿਆਂ ਦਾ ਆਨੰਦ ਲੈਣ ਲਈ, ਤੁਹਾਨੂੰ ਸਿਰਫ਼ ਖੁੱਲ੍ਹੇ ਦਿਮਾਗ਼ ਦੀ ਲੋੜ ਹੁੰਦੀ ਹੈ।

ਲੋਕ ਕਹਿੰਦੇ ਨੇ ਕਿ ਰੌਸ਼ਨੀ ਜਿੰਨੀ ਚਮਕੀਲੀ, ਪਰਛਾਵਾਂ ਓਨਾ ਹੀ ਗਹਿਰਾ। ਜੇ ਇਹ ਗੱਲ ਸੱਚ ਹੈ ਤਾਂ ਉਸ ਬੱਦਲ ਬਾਰੇ ਸਾਨੂੰ ਇਹ ਕੀ ਦੱਸਦਾ ਹੈ ਜੋ ਤੁਹਾਡੇ ਸਿਰ ‘ਤੇ ਇਸ ਵਕਤ ਮੰਡਰਾ ਰਿਹਾ ਜਾਪਦੈ? ਉਹ ਚੀਜ਼ ਜੋ ਤੁਹਾਨੂੰ ਸਭ ਤੋਂ ਵੱਧ ਚਿੰਤਤ ਕਰ ਰਹੀ ਹੈ, ਉਹ ਕਿਸੇ ਸਕਾਰਾਤਮਕ ਸ਼ੈਅ ਨਾਲ ਜੁੜੀ ਹੋਈ ਹੈ। ਪਰ ਤੁਸੀਂ ਜਿਹੜਾ ਵੀ ਫ਼ੈਸਲਾ ਪਹਿਲਾਂ ਕਰ ਚੁੱਕੇ ਹੋ, ਤੁਹਾਨੂੰ ਹੁਣ ਇੱਕ ਹੋਰ ਕਰਨ ਦੀ ਲੋੜ ਹੋ ਸਕਦੀ ਹੈ। ਉਸ ਵਿੱਚ ਤੁਹਾਡੇ ਡਰ ਅਤੇ ਚਿੰਤਾਵਾਂ ਤੋਂ ਪਰੇ ਦੇਖਣ ਲਈ ਇੱਕ ਸੁਚੇਤ ਵਚਨਬੱਧਤਾ ਸ਼ਾਮਿਲ ਹੋਵੇਗੀ, ਅਤੇ ਤੁਹਾਡੀ ਸਭ ਤੋਂ ਮਜ਼ਬੂਤ ਉਮੀਦ ਦੇ ਸਰੋਤ ਨੂੰ ਇੱਕ ਡੂੰਘੀ ਪ੍ਰਸ਼ੰਸਾ ਵੀ ਮਿਲੇਗੀ। ਜਿਵੇਂ-ਜਿਵੇਂ ਤੁਸੀਂ ਉਸ ‘ਚ ਵਧੇਰੇ ਭਰੋਸਾ ਦਿਖਾਓਗੇ, ਉਹ ਪਰਛਾਵਾਂ ਵੀ ਮੱਧਮ ਪੈ ਜਾਵੇਗਾ।