T-20 ‘ਚ ਬੁਮਰਾਹ ਅਸ਼ਵਿਨ ਨੂੰ ਪਛਾੜ ਬਣਾ ਸਕਦਾ ਹੈ ਇਹ ਰਿਕਾਰਡ

ਨਵੀਂ ਦਿੱਲੀ – ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਵਿਸ਼ਾਖਾਪਟਨਮ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲੇ T-20 ਕੌਮਾਂਤਰੀ ਮੈਚ ਵਿੱਚ ਧਮਾਕੇਦਾਰ ਵਾਪਸੀ ਕੀਤੀ। ਉਸ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ ਅਤੇ T-20 ਕੌਮਾਂਤਰੀ ਕ੍ਰਿਕਟ ਵਿੱਚ 50 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ। ਇਸ ਤੇਜ਼ ਗੇਂਦਬਾਜ਼ ਨੇ ਹੁਣ ਤਕ ਆਪਣੇ T-20 ਕੌਮਾਂਤਰੀ ਕਰੀਅਰ ਵਿੱਚ 51 ਵਿਕਟਾਂ ਲਈਆਂ ਹਨ। ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ 41 ਮੈਚਾਂ ਵਿੱਚ 50 ਵਿਕਟਾਂ ਲੈਣ ਦਾ ਕਮਾਲ ਕੀਤਾ, ਅਤੇ ਉਹ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੇ ਨਾਲ ਸਭ ਤੋਂ ਤੇਜ਼ ਵਿਕਟਾਂ ਹਾਸਿਲ ਕਰਨ ਦੇ ਮਾਮਲੇ ‘ਚ ਸਾਂਝੇ ਰੂਪ ਨਾਲ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਹਾਲਾਂਕਿ ਬੁਮਰਾਹ ਕੋਲ ਇੱਕ ਨਵਾਂ ਕੀਰਤੀਮਾਨ ਆਪਣੇ ਨਾਂ ਕਰਨ ਦਾ ਸੁਨਿਹਰਾ ਮੌਕਾ ਹੈ।
ਬੁਮਰਾਹ ਕੋਲ T-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਨ ਦਾ ਸੁਨਿਹਰਾ ਮੌਕਾ ਹੈ। ਉਸ ਨੂੰ ਇਸ ਲਈ ਕੇਵਲ ਦੋ ਵਿਕਟਾਂ ਦੀ ਲੋੜ ਹੈ। ਫ਼ਿਲਹਾਲ ਇਹ ਰਿਕਾਰਡ ਟੀਮ ਇੰਡੀਆ ਦੇ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਂ ਦਰਜ ਹੈ ਜਿਸ ਨੇ 46 ਮੈਚਾਂ ਵਿੱਚ 52 ਵਿਕਟਾਂ ਹਾਸਿਲ ਕੀਤੀਆਂ ਹਨ। ਬੁਮਰਾਹ ਦੀਆਂ 51 ਵਿਕਟਾਂ ਹਨ ਅਤੇ ਅਸ਼ਵਿਨ ਨੂੰ ਪਿੱਛੇ ਛੱਡਣ ਲਈ ਉਸ ਨੂੰ ਸਿਰਫ਼ ਦੋ ਹੋਰ ਵਿਕਟਾਂ ਦੀ ਲੋੜ ਹੈ।
ਬੁਮਰਾਹ ਨੂੰ ਉਮੀਦ ਹੋਵੇਗੀ ਕਿ ਬੰਗਲੁਰੂ ਵਿੱਚ ਆਸਟਰੇਲੀਆ ਖ਼ਿਲਾਫ਼ ਹੋਣ ਵਾਲੇ ਦੂਜੇ T-20 ਕੌਮਾਂਤਰੀ ਮੈਚ ਵਿੱਚ ਹੀ ਉਹ ਇਸ ਉਪਲੱਬਧੀ ਨੂੰ ਆਪਣੇ ਨਾਂ ਕਰ ਲਵੇਗਾ। ਹਾਲ ਹੀ ‘ਚ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ T-20 ਕੌਮਾਂਤਰੀ ਮੈਚ ਵਿੱਚ ਪਾਰੀ ਦਾ 19ਵਾਂ ਓਵਰ ਸੁੱਟ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਸੀ। ਹਾਲਾਂਕਿ ਉਮੇਸ਼ ਯਾਦਵ ਆਪਣੇ ਆਖਰੀ ਓਵਰ ਵਿੱਚ 14 ਦੌੜਾਂ ਦਾ ਬਚਾਅ ਨਹੀਂ ਕਰ ਸੱਕਿਆ, ਅਤੇ ਆਸਟਰੇਲੀਆ ਨੇ ਮੁਕਾਬਲਾ ਤਿੰਨ ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿੱਚ 1-0 ਦੀ ਚੜ੍ਹਤ ਬਣਾ ਲਈ।