ਵਨ ਡੇ ‘ਚ ਵੀ ਵਿਕਟਕੀਪਰ ਦੀ ਭੂਮਿਕਾ ਨਿਭਾਉਣਾ ਚਾਹੁੰਦੈ ਹੈਂਡਜ਼ਕੌਂਬ

ਬੈਂਗਲੁਰੂ – ਪਹਿਲੇ T-20 ਕੌਮਾਂਤਰੀ ਕ੍ਰਿਕਟ ਮੈਚ ‘ਚ ਵਿਕਟਕੀਪਰ ਦੀ ਭੂਮਿਕਾ ਨਿਭਾ ਕੇ ਹੈਰਾਨ ਕਰਨ ਵਾਲੇ ਆਸਟਰੇਲੀਅਨ ਖਿਡਾਰੀ ਪੀਟਰ ਹੈਂਡਜ਼ਕੌਂਬ ਨੇ ਕਿਹਾ ਕਿ ਉਹ ਵਨ ਡੇ ਕੌਮਾਂਤਰੀ ਮੈਚਾਂ ‘ਚ ਵੀ ਇਹ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਅਤੇ ਕੰਮ ਦੇ ਬੋਝ ਨੂੰ ਦੇਖਦੇ ਹੋਏ ਆਪਣੀ ਫ਼ਿਟਨੈੱਸ ‘ਤੇ ਕੰਮ ਕਰਨ ਨੂੰ ਤਿਆਰ ਹੈ। ਹੈਂਡਜ਼ਕੌਂਬ ਨੂੰ ਵਾਏਜ਼ੈਗ ਵਿੱਚ ਭਾਰਤ ਖ਼ਿਲਾਫ਼ ਪਹਿਲੇ T-20 ‘ਚ ਰੈਗੁਲਰ ਵਿਕਟਕੀਪਰ ਐਲੈਕਸ ਕੈਰੀ ਦੇ ਮੁਕਾਬਲੇ ਤਰਜ਼ੀਹ ਦਿੱਤੀ ਗਈ ਸੀ ਜਿਸ ਨਾਲ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ‘ਚ ਉਸ ਦੀ ਜਗ੍ਹਾ ਬਣਨ ਦੀ ਸੰਭਾਵਨਾ ਵੱਧ ਗਈ ਹੈ।
ਹੈਂਡਸਕਾਂਬ ਨੇ ਕਿਹਾ, ”ਮੈਂ ਵਿਕਟਕੀਪਿੰਗ ਕਰ ਸਕਦਾ ਹਾਂ। ਮੈਨੂੰ ਸਿਰਫ਼ ਇੰਨਾ ਯਕੀਨੀ ਬਣਾਉਣਾ ਹੋਵੇਗਾ ਕਿ ਮੈਂ ਫ਼ਿੱਟ ਰਹਾਂ ਜਿਸ ਨਾਲ ਕਿ 50 ਓਵਰ ਦੇ ਮੈਚ ‘ਚ ਪਹਿਲੇ ਫ਼ੀਲਡਿੰਗ ਤੋਂ ਬਾਅਦ ਵੀ ਚੌਥੇ ਜਾਂ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਉਤਰ ਸਕਾਂ ਅਤੇ ਯਕੀਨੀ ਬਣਾ ਸਕਾਂ ਕਿ ਵਿਕਟਾਂ ਵਿਚਾਲੇ ਤੇਜ਼ੀ ਨਾਲ ਦੌੜਾਂ ਅਤੇ ਟੀਮ ਲਈ ਸਭ ਕੁੱਝ ਸਹੀ ਕਰਾਂ।” ਕੈਰੀ ਦੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਲਈ ਟੀਮ ‘ਚ ਵਾਪਸੀ ਕਰਨ ਦੀ ਉਮੀਦ ਹੈ, ਪਰ ਹੈਂਡਜ਼ਕੌਂਬ ਮੌਕਾ ਮਿਲਣ ‘ਤੇ ਪੂਰੇ ਦੌਰੇ ਦੌਰਾਨ ਵਿਕਟਕੀਪਰ ਦੀ ਭੂਮਿਕਆ ਜਾਰੀ ਰਖਣਾ ਚਾਹੁੰਦੈ।