RG ਕਰ ਹਸਪਤਾਲ ਵਿੱਤੀ ਘੁਟਾਲਾ ਮਾਮਲੇ ‘ਚ ED ਨੇ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੇ ਸਿਲਸਿਲੇ ’ਚ ਗ੍ਰਿਫਤਾਰ ਕੀਤੇ ਗਏ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਲੋਕਾਂ ਦੇ ਘਰਾਂ ਅਤੇ ਦਫਤਰਾਂ ’ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਈ.ਡੀ. ਦੇ ਅਧਿਕਾਰੀਆਂ ਨੇ ਕੋਲਕਾਤਾ ਦੇ ਤਾਲਾ ਇਲਾਕੇ ’ਚ ਚੰਦਨ ਲੋਹੀਆ ਦੇ ਫਲੈਟ ਅਤੇ ਕਾਲਿੰਦੀ ਸਥਿਤ ਦਫ਼ਤਰ ’ਚ ਛਾਪੇ ਮਾਰੇ। ਈ.ਡੀ. ਦੀ ਇਕ ਹੋਰ ਟੀਮ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਚਿਨਾਰ ਪਾਰਕ ਸਥਿਤ ਘੋਸ਼ ਦੇ ਜੱਦੀ ਘਰ ’ਚ ਵੀ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸਾਡੇ ਅਧਿਕਾਰੀ ਲੋਹੀਆ ਅਤੇ ਉਨ੍ਹਾਂ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੇ ਹਨ। ਘੋਸ਼ ਨੇ ਟੈਂਡਰ ਦੇਣ ’ਚ ਉਨ੍ਹਾਂ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਈ.ਡੀ. ਦੀ ਇਕ ਹੋਰ ਟੀਮ ਆਰ.ਜੀ. ਕਰ ਹਸਪਤਾਲ ਨੂੰ ਉਪਕਰਣਾਂ ਦੀ ਸਪਲਾਈ ਕਰਨ ਵਾਲੇ ਸੰਸਥਾਨ ਦੇ ਦਫ਼ਤਰ ’ਚ ਵੀ ਦਸਤਾਵੇਜਾਂ ਦੀ ਜਾਂਚ ਕਰ ਰਹੀ ਹੈ।
ਤ੍ਰਿਣਮੂਲ ਵਿਧਾਇਕ ਤੋਂ ਸੀ.ਬੀ.ਆਈ. ਦੀ ਪੁੱਛਗਿੱਛ
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਟ੍ਰੇਨੀ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਅਤੇ ਉਸ ਦੀ ਹੱਤਿਆ ਦੇ ਸਿਲਸਿਲੇ ’ਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਡਾ. ਸੁਦੀਪਤੋ ਰਾਏ ਤੋਂ ਉੱਤਰ ਕੋਲਕਾਤਾ ਸਥਿਤ ਰਿਹਾਇਸ਼ ’ਤੇ ਵੀਰਵਾਰ ਨੂੰ ਪੁੱਛਗਿਛ ਕੀਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ ਸ਼੍ਰੀਰਾਮਪੁਰ ਤੋਂ ਵਿਧਾਇਕ ਰਾਏ ਦੇ ਨਰਸਿੰਗ ਹੋਮ ’ਚ ਵੀ ਸਰਚ ਆਪ੍ਰੇਸ਼ਨ ਚਲਾ ਰਹੇ ਹਨ। ਸੀ.ਬੀ.ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦੀ ਮੌਤ ਦੀ ਖ਼ਬਰ ਫੈਲਣ ਤੋਂ ਤੁਰੰਤ ਬਾਅਦ ਉਹ ਹਸਪਤਾਲ ’ਚ ਮੌਜੂਦ ਸਨ। ਅਸੀਂ ਉਨ੍ਹਾਂ ਤੋਂ ਇਸ ਬਾਰੇ ਪੁੱਛਗਿੱਛ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਕੀ ਜਾਣਕਾਰੀ ਹੈ।