PM ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਨੇ ਲਵਾਇਆ ਕੋਰੋਨਾ ਦਾ ਇਹ ਟੀਕਾ, ਲੋਕਾਂ ਨੂੰ ਕੀਤੀ ਖਾਸ ਅਪੀਲ

ਓਟਾਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਓਟਾਵਾ ਵਿਚ ਕੋਵਿਡ-19 ਦਾ ਟੀਕਾ ਲਿਵਾਇਆ। ਟਰੂਡੋ ਨਾਲ ਉਨ੍ਹਾਂ ਦੀ ਪਤਨੀ ਸੋਫੀ ਨੇ ਵੀ ਐਸਟ੍ਰਾਜ਼ੈਨੇਕਾ ਦਾ ਟੀਕਾ ਲਗਵਾਇਆ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇਹ ਟੀਕਾ ਅਜਿਹੇ ਵੇਲੇ ਲਗਵਾਇਆ ਗਿਆ ਜਦ ਕਈ ਮੁਲਕਾਂ ਵਿਚ ਐਸਟ੍ਰਾਜ਼ੈਨੇਕਾ ਦਾ ਟੀਕਾ ਲਗਵਾਉਣ ਵਾਲਿਆਂ ਵਿਚ ਖੂਨ ਦੇ ਥੱਕੇ ਜੰਮਣ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਕਾਰਣ ਕਈਆਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਹਾਲਤ ਵਿਚ ਹਨ।
ਓਨਟਾਰੀਓ ਸੂਬੇ ਨੇ ਹਾਲ ਹੀ ਵਿਚ ਐਸਟ੍ਰਾਜ਼ੈਨੇਕਾ ਦਾ ਟੀਕਾ ਲਗਵਾਉਣ ਦੀ ਯੋਗਤਾ 40 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਵਿਚ 30 ਫੀਸਦੀ ਯੋਗ ਬਾਲਗਾਂ ਨੇ ਘਟੋ-ਘੱਟ ਟੀਕੇ ਦੀ ਇਕ ਖੁਰਾਕ ਲੁਆ ਲਈ ਹੈ। ਟੀਕਾ ਲੁਆਉਣ ਸਬੰਧੀ ਉਨ੍ਹਾਂ 2 ਟਵੀਟ ਵੀ ਕੀਤੇ। ਜਿਸ ਵਿਚ ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਕੋਰੋਨਾ ਦਾ ਟੀਕਾ ਲਾਇਆ ਅਤੇ ਉਨ੍ਹਾਂ ਦਾ ਵੀ ਜੋ ਪੂਰੇ ਮੁਲਕ ਵਿਚ ਲੋਕਾਂ ਨੂੰ ਟੀਕਾ ਲਾ ਰਹੇ ਹਨ। ਜੋ ਤੁਸੀਂ ਕੰਮ ਕਰ ਰਹੇ ਉਹ ਕਾਬਲੇ-ਤਰੀਫ ਹੈ ਅਤੇ ਇਹ ਕਦੇ ਭੁਲਾਇਆ ਨਹੀਂ ਜਾ ਸਕਦਾ। ਦੂਜੇ ਟਵੀਟ ਵਿਚ ਉਨ੍ਹਾਂ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ ਕਿ ਅੱਜ ਸਾਡੀ ਵਾਰੀ ਕੋਰੋਨਾ ਦਾ ਟੀਕਾ ਲੁਆਉਣ ਦੀ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦਾ ਟੀਕਾ ਆਪਣੇ ਨਾਲ ਲੱਗਦੇ ਸੈਂਟਰਾਂ ਤੋਂ ਲਵਾ ਸਕਦੇ ਹਨ।
ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਦੀ ਲਹਿਰ ਦਾ ਪ੍ਰਭਾਵ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਣ ਕੈਨੇਡਾ ਨੇ ਭਾਰਤ ਸਣੇ ਕਈਆਂ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਉਥੇ ਹੀ ਕੈਨੇਡਾ ਵਿਚ ਹੁਣ ਤੱਕ ਕੋਰੋਨਾ ਦੇ ਹੁਣ ਤੱਕ 1,161,618 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 23,873 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,051,705 ਲੋਕ ਸਿਹਤਯਾਬ ਹੋ ਚੁੱਕੇ ਹਨ।