IPL ਬਾਇਓ ਬਬਲ ਦੀ ਉਲੰਘਣਾ ‘ਤੇ ਖਿਡਾਰੀ ਹੋਣਗੇ ਟੀਮੋਂ ਬਾਹਰ

Image Courtesy :jagbani(punjabkesari)

ਨਵੀਂ ਦਿੱਲੀ: IPL ਦੌਰਾਨ ਬਾਇਓ ਬਬਲ ਦਾ ਉਲੰਘਣ ਕਰਨ ‘ਤੇ ਸਬੰਧਤ ਖਿਡਾਰੀ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਖਿਡਾਰੀ ਦੀ ਸਬੰਧਤ ਟੀਮ ਨੂੰ ਇੱਕ ਕਰੋੜ ਰੁਪਏ ਦੇ ਜੁਰਮਾਨੇ ਤੋਂ ਇਲਾਵਾ ਅੰਕਾਂ ‘ਚ ਵੀ ਕਟੌਤੀ ਝੱਲਣੀ ਪੈ ਸਕਦੀ ਹੈ। BCCI ਨੇ IPL ‘ਚ ਸ਼ਾਮਿਲ ਸਾਰੀਆਂ ਅੱਠ ਟੀਮਾਂ ਨੂੰ ਭੇਜੇ ਨੋਟਿਸ ਵਿੱਚ ਸਾਫ਼ ਕਰ ਦਿੱਤਾ ਹੈ ਕਿ ਬਾਇਓ ਬਬਲ ਤੋਂ ਅਣਅਧਿਕਾਰਿਕ ਰੂਪ ਵਿੱਚ ਬਾਹਰ ਜਾਣ ਲਈ ਖਿਡਾਰੀ ਨੂੰ ਛੇ ਦਿਨਾਂ ਲਈ ਇਕਾਂਤਵਾਸ ਵਿੱਚ ਜਾਣਾ ਹੋਵੇਗਾ। ਜੇਕਰ ਮੁੜ ਇਹੀ ਗ਼ਲਤੀ ਦੁਹਰਾਈ ਜਾਂਦੀ ਹੈ ਤਾਂ ਇੱਕ ਮੈਚ ਦੀ ਮੁਅੱਤਲੀ ਅਤੇ ਤੀਜੀ ਵਾਰ ਉਲੰਘਣਾ ‘ਤੇ ਟੂਰਨਾਮੈਂਟ ਤੋਂ ਬਾਹਰ ਕੀਤਾ ਜਾ ਸਕਦਾ ਹੈ ਅਤੇ ਸਬੰਧਤ ਖਿਡਾਰੀ ਦੀ ਟੀਮ ਨੂੰ ਹੋਰ ਖਿਡਾਰੀ ਵੀ ਨਹੀਂ ਮਿਲੇਗਾ। ਇਹੀ ਨੇਮ ਪਰਿਵਾਰ ਦੇ ਮੈਂਬਰਾਂ ਅਤੇ ਟੀਮ ਅਧਿਕਾਰੀਆਂ ਲਈ ਵੀ ਹੋਣਗੇ। ਬਾਇਓ ਬਬਲ ਤੋਂ ਭਾਵ ਖਿਡਾਰੀ ਜਾਂ ਟੀਮ ਨੂੰ ਬਾਹਰੀ ਦੁਨੀਆਂ ਤੋਂ ਅੱਡ ਰੱਖਣਾ ਹੈ ਤਾਂ ਕਿ ਕੋਵਿਡ-19 ਲੱਗਣ ਦੇ ਜੋਖ਼ਮ ਨੂੰ ਘਟਾਇਆ ਜਾ ਸਕੇ।