ਕਰਾਚੀ – ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ IPL ‘ਚ ਕ੍ਰਿਕਟ ਨੂੰ ਘੱਟ ਤਵੱਜੋ ਦੇਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਦਿਲਖਿਚਵੀਂ T-20 ਟੂਰਨਾਮੈਂਟ ‘ਚ ਪੈਸੇ ਨੂੰ ਖੇਡ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ।
ਪਿਛਲੇ ਸੈਸ਼ਨ ‘ਚ ਰਾਇਲ ਚੈਲੰਜਰਜ ਬੈਂਗਲੁਰੂ ਦਾ ਹਿੱਸਾ ਰਹੇ ਸਟੇਨ ਨੇ IPL ‘ਚ ਲਗਾਤਾਰ ਨਾ ਖੇਡਣ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ”ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ IPL ‘ਚ ਜਾਂਦੇ ਹੋ ਤਾਂ ਉਥੇ ਤੁਹਾਡੇ ਤੋਂ ਵੱਡੀ ਟੀਮ ਹੁੰਦੀ ਹੈ ਅਤੇ ਕੁੱਝ ਵੱਡੇ ਖਿਡਾਰੀ ਹੁੰਦੇ ਹਨ। ਉਥੇ ਖਿਡਾਰੀਆਂ ਦਾ ਕਮਾਈ ‘ਤੇ ਵੱਧ ਧਿਆਨ ਰਹਿੰਦਾ ਹੈ, ਅਤੇ ਅਜਿਹੇ ‘ਚ ਕਈ ਵਾਰ ਖੇਡ ਪਿੱਛੇ ਛੁੱਟ ਜਾਂਦੀ ਹੈ।”
ਸਟੇਨ ਨੇ ਇਸ ਸਾਲ ਜਨਵਰੀ ‘ਚ ਕਿਹਾ ਸੀ ਕਿ ਉਹ IPL 2021 ਦਾ ਹਿੱਸਾ ਨਹੀਂ ਹੋਵੇਗਾ, ਪਰ ਦੁਨੀਆ ਦੀਆਂ ਦੂਜੀਆਂ ਲੀਗਾਂ ‘ਚ ਖੇਡਣਾ ਜਾਰੀ ਰੱਖੇਗਾ। ਦੱਖਣੀ ਅਫ਼ਰੀਕਾ ਦੇ ਇਸ ਗੇਂਦਬਾਜ਼ ਨੇ IPL ਦੇ 95 ਮੈਚਾਂ ‘ਚ 97 ਵਿਕਟਾਂ ਲਈਆਂ ਹਨ ਜਿਨ੍ਹਾਂ ‘ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 8 ਦੌੜਾਂ ਦੇ ਕੇ 3 ਵਿਕਟਾਂ ਹੈ। ਪਿਛਲੇ ਕੁੱਝ ਸਾਲਾਂ ਤੋਂ ਸੱਟਾਂ ਤੋਂ ਪਰੇਸ਼ਾਨੀ ਕਾਰਣ ਉਹ ਬੀਤੇ 3 ਸੈਸ਼ਨਾਂ ‘ਚ ਸਿਰਫ਼ 12 ਮੈਚ (IPL) ਖੇਡ ਸਕਿਆ ਹੈ।
ਪਾਕਿਸਤਾਨ ਸੁਪਰ ਲੀਗ (PSL) ‘ਚ ਕੁਏਟਾ ਗਲੈਡੀਏਟਰਜ਼ ਦੀ ਪ੍ਰਤੀਨਿਧਤਾ ਕਰ ਰਹੇ ਇਸ ਧਾਕੜ ਨੇ ਕਿਹਾ, ”ਜਦੋਂ ਤੁਸੀਂ PSL ਜਾਂ ਸ਼੍ਰੀ ਲੰਕਾ ਪ੍ਰੀਮੀਅਰ ਲੀਗ ‘ਚ ਖੇਡਦੇ ਹੋ ਤਾਂ ਉਥੇ ਕ੍ਰਿਕਟ ਨੂੰ ਮਹੱਤਵ ਦਿੱਤਾ ਜਾਂਦਾ ਹੈ। ਮੈਂ ਇੱਥੇ ਸਿਰਫ਼ ਦੋ ਦਿਨਾਂ ਤੋਂ ਹਾਂ ਅਤੇ ਲੋਕ ਇੱਥੇ ਮੇਰੇ ਤੋਂ ਮੇਰੀ ਖੇਡ ਦੇ ਬਾਰੇ ‘ਚ ਪੁੱਛ ਰਹੇ ਹਨ।” ਉਸ ਨੇ ਕਿਹਾ, ”IPL ‘ਚ ਇਹ ਭੁਲਾ ਦਿੱਤਾ ਜਾਂਦਾ ਹੈ ਅਤੇ ਮੁੱਖ ਮੁੱਦਾ ਇਹ ਹੁੰਦਾ ਹੈ ਕਿ ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ? ਇਹ ਇੱਕ ਕੌੜਾ ਸੱਚ ਹੈ। ਮੈਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਚੰਗੀ ਕ੍ਰਿਕਟ ‘ਤੇ ਧਿਆਨ ਦੇਣਾ ਚਾਹੁੰਦਾ ਸੀ।”












