ਨਵੀਂ ਦਿੱਲੀ – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜਲਦ ਹੀ ਵਿਆਹ ਕਰਨ ਵਾਲੇ ਹਨ। ਇਸ ਕਾਰਨ ਉਹ ਭਾਰਤ ਅਤੇ ਇੰਗਲੈਂਡ ਦੇ ‘ਚ ਚਾਰ ਮਾਰਚ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈੱਸਟ ਮੈਚ ਤੋਂ ਬਾਹਰ ਹੋ ਗਏ ਹਨ। ਕਈ ਨਿਊਜ਼ ਵੈੱਬ ਸਾਈਟਸ ਦੀਆਂ ਖ਼ਬਰਾਂ ਅਨੁਸਾਰ BCCI ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਇਸ ਤੇਜ਼ ਗੇਂਦਬਾਜ਼ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਚੌਥੇ ਟੈੱਸਟ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਸੂਤਰਾਂ ਅਨੁਸਾਰ ਇੱਕ ਹਫ਼ਤੇ ਅੰਦਰ ਉਸ ਦਾ (ਜਸਪ੍ਰੀਤ) ਵਿਆਹ ਹੋਣ ਵਾਲਾ ਹੈ। ਵਿਆਹ ਕਦੋਂ ਹੈ ਇਸ ਦਾ ਪਤਾ ਨਹੀਂ ਲੱਗ ਸਕਿਆ।
ਦੱਸ ਦੇਈਏ ਕਿ ਟੈੱਸਟ ਸੀਰੀਜ਼ ਤੋਂ ਬਾਅਦ ਭਾਰਤ ਅਤੇ ਇੰਗਲੈਂਡ ਵਿਚਾਲੇ 12 ਮਾਰਚ ਤੋਂ ਪੰਜ ਮੈਚਾਂ ਦੀ T-20 ਸੀਰੀਜ਼ ਦੀ ਸ਼ੁਰੂਆਤ ਹੋਵੇਗੀ। T-20 ਸੀਰੀਜ਼ ‘ਚ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਸ ਤੋਂ ਬਾਅਦ ਦੋਵਾਂ ਟੀਮਾਂ ਦੇ ‘ਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾਵੇਗੀ। ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ 23 ਮਾਰਚ ਨੂੰ ਹੋਵੇਗਾ। ਟੈੱਸਟ ਸੀਰੀਜ਼ ‘ਚ ਭਾਰਤ ਨੇ 2-1 ਦੀ ਬੜ੍ਹਤ ਬਣਾ ਲਈ ਹੈ।












