ICC ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਮੈਨ ਔਫ਼ ਦਾ ਮੈਚ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਯੁਵਰਾਜ

ਨਵੀਂ ਦਿੱਲੀਂ ਭਾਰਤ ਨੇ ਚੈਂਪੀਅਨਸ ਟਰਾਫ਼ੀ ਦਾ ਸ਼ਾਨਦਾਰ ਜਿੱਤ ਦੇ ਨਾਲ ਆਗਾਜ਼ ਕਰਦੇ ਹੋਏ ਐਤਵਾਰ ਨੂੰ ਐਜਬੇਸਟਨ ਸਟੇਡੀਅਮ ‘ਚ ਹੋਏ ਮੈਚ ‘ਚ ਪੁਰਾਣੇ ਮੁਕਾਬਲੇਬਾਜ਼ ਪਾਕਿਸਤਾਨ ਨੂੰ ਮੀਂਹ ਦੀ ਰੁਕਾਵਟ ਦੇ ਬਾਵਜੂਦ 124 ਦੌੜਾਂ ਦੀ ਵੱਡੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ।
ਤਿੰਨ ਵਾਰ ਮੀਂਹ ਕਾਰਨ ਰੁਕੇ ਮੈਚ ‘ਚ ਹਾਲਾਂਕਿ ਪਾਕਿਸਤਾਨ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ ਸੋਧੇ ਹੋਏ 41 ਓਵਰਾਂ ‘ਚ 289 ਦੌੜਾਂ ਦਾ ਟੀਚਾ ਮਿਲਿਆ ਪਰ ਭਾਰਤੀ ਗੇਂਦਬਾਜ਼ਾਂ ਨੇ ਬੇਹੱਦ ਕਸੀ ਹੋਈ ਗੇਂਦਬਾਜ਼ੀ ਕਰਦੇ ਹੋਏ ਪਾਕਿਸਤਾਨੀ ਟੀਮ ਨੂੰ 33.4 ਓਵਰਾਂ ‘ਚ 164 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ 2009 ਦੇ ਬਾਅਦ ਆਈ.ਸੀ.ਸੀ. ਦੇ ਕਿਸੇ ਵੀ ਟੂਰਨਾਮੈਂਟ ‘ਚ ਪਾਕਿਸਤਾਨ ਦੇ ਖਿਲਾਫ਼ ਜਿੱਤ ਦੇ ਸਿਲਸਿਲੇ ਨੂੰ ਕਾਇਮ ਰੱਖਿਆ ਹੈ।
ਟੀਮ ਇੰਡੀਆ ਦੇ ਲਈ ਰੋਹਿਤ ਸ਼ਰਮਾ (91), ਸ਼ਿਖਰ ਧਵਨ (68), ਯੁਵਰਾਜ ਸਿੰਘ (53) ਅਤੇ ਵਿਰਾਟ ਕੋਹਲੀ (ਅਜੇਤੂ 81) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸੋਧੇ ਹੋਏ 48 ਓਵਰਾਂ ਦੇ 319 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕਰ ਦਿੱਤਾ ਅਤੇ ਯੁਵਰਾਜ ਸਿੰਘ ਦੀ ਧਮਾਕੇਦਾਰ ਪਾਰੀ ਦੇ ਲਈ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਐਵਾਰਡ ਨਾਲ ਨਵਾਜ਼ਿਆ ਗਿਆ। ਇਸ ਦੇ ਨਾਲ ਹੀ ਯੁਵਰਾਜ ਆਈ.ਸੀ.ਸੀ. ਦੇ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਮੈਨ ਆਫ਼ ਦਿ ਮੈਚ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ।
ਯੁਵਰਾਜ ਦੇ ਨਾਂ ਹੁਣ ਆਈ.ਸੀ.ਸੀ. ਟੂਰਨਾਮੈਂਟ ‘ਚ ਕੁੱਲ 9 ਐਵਾਰਡ ਹੋ ਗਏ ਹਨ। ਯੁਵੀ ਤੋਂ ਅੱਗੇ ਸਿਰਫ਼ ਸਚਿਨ ਤੇਂਦੁਲਕਰ ਹਨ। ਸਚਿਨ ਦੇ ਨਾਂ ਕੁੱਲ 10 ਮੈਨ ਆਫ਼ ਦਿ ਮੈਚ ਐਵਾਰਡ ਦਰਜ ਹਨ। ਇਸ ਲਿਸਟ ਚ ਵਿਰਾਟ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਦੇ ਨਾਂ ਆਈ.ਸੀ.ਸੀ. ਟੂਰਨਾਮੈਂਟ ‘ਚ ਕੁਲ 7 ਐਵਾਰਡ ਹਨ।