ਜਲੰਧਰ/ਚੰਡੀਗੜ੍ਹ -ਮੋਹਾਲੀ ਦੇ ਰੀਅਲ ਅਸਟੇਟ ਪ੍ਰਾਜੈਕਟਾਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਈ. ਡੀ. ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ 7 ਸਤੰਬਰ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 31 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਲੋੜੀਂਦੇ ਦਸਤਾਵੇਜ਼ ਇਕੱਠੇ ਕਰਨ ਲਈ ਸਮਾਂ ਮੰਗਿਆ ਸੀ।
ਅਨੁਰਾਗ ਵਰਮਾ ਦੂਜੇ ਸੀਨੀਅਰ ਆਈ. ਏ. ਐੱਸ. ਹਨ, ਜਿਨ੍ਹਾਂ ਦੀ ਭੂਮਿਕਾ ਇਸ ਜਾਂਚ ਦੇ ਘੇਰੇ ’ਚ ਆਈ ਹੈ। ਇਸ ਤੋਂ ਪਹਿਲਾਂ 2007 ਬੈਚ ਦੀ ਆਈ. ਏ. ਐੱਸ. ਅਧਿਕਾਰੀ ਕਨਵਲ ਪ੍ਰੀਤ ਬਰਾੜ ਤੋਂ ਈ. ਡੀ. 2 ਵਾਰ ਪੁੱਛਗਿੱਛ ਕਰ ਚੁੱਕੀ ਹੈ। ਬਰਾੜ ਮੌਜੂਦਾ ਸਮੇਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਸਕੱਤਰ ਹੈ। ਉਹ 18 ਅਗਸਤ ਨੂੰ ਪਹਿਲੀ ਅਤੇ 27 ਅਗਸਤ ਨੂੰ ਦੂਜੀ ਵਾਰ ਜਲੰਧਰ ਦਫ਼ਤਰ ਪਹੁੰਚੇ ਸਨ।















