ਨੈਸ਼ਨਲ ਡੈਸਕ- ਇਕ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਸਤੀਸ਼ ਕ੍ਰਿਸ਼ਨਾ ਸੈਲ ਨੂੰ ਕਥਿਤ ਗੈਰ-ਕਾਨੂੰਨੀ ਲੋਹੇ ਦੇ ਨਿਰਯਾਤ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼਼ਤਾਰ ਕਰ ਲਿਆ ਹੈ।
ਸੂਤਰਾਂ ਨੇ ਦੱਸਿਆ ਕਿ ਉੱਤਰੀ ਕੰਨੜ ਜ਼ਿਲ੍ਹੇ ਦੇ ਕਾਰਵਾਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੈਲ ਨੂੰ 9-10 ਸਤੰਬਰ ਦੀ ਰਾਤ ਨੂੰ ਬੈਂਗਲੁਰੂ ਵਿੱਚ ਈ.ਡੀ. ਦੇ ਜ਼ੋਨਲ ਦਫ਼ਤਰ ਵਿੱਚ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵਿਧਾਇਕ ਨੂੰ ਇੱਕ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਇੱਕ ਦਿਨ ਦੀ ਈ.ਡੀ. ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਈ.ਡੀ. ਉਸ ਦੀ ਹਿਰਾਸਤ ਦੀ ਮੰਗ ਕਰੇਗੀ।
ਸੈਲ ਪਿਛਲੇ ਕੁਝ ਹਫ਼ਤਿਆਂ ਵਿੱਚ ਈ.ਡੀ. ਵੱਲੋਂ ਗ੍ਰਿਫਤਾਰ ਕੀਤਾ ਗਿਆ ਦੂਜਾ ਕਾਂਗਰਸੀ ਵਿਧਾਇਕ ਹੈ। ਇਸ ਤੋਂ ਪਹਿਲਾਂ ਅਗਸਤ ‘ਚ ਚਿੱਤਰਦੁਰਗ ਦੇ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੈਲ ਵਿਰੁੱਧ ਮਾਮਲਾ ਉਨ੍ਹਾਂ ਨਾਲ ਜੁੜੀ ਇੱਕ ਕੰਪਨੀ ਦੁਆਰਾ ਲੋਹੇ ਦੇ ਕਥਿਤ ਗੈਰ-ਕਾਨੂੰਨੀ ਨਿਰਯਾਤ ਨਾਲ ਜੁੜਿਆ ਹੋਇਆ ਹੈ। ਈ.ਡੀ. ਨੇ ਇਸ ਮਾਮਲੇ ਵਿੱਚ 13-14 ਅਗਸਤ ਨੂੰ ਕਾਰਵਾਰ, ਗੋਆ, ਮੁੰਬਈ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੀ ਸੀ।