ED ਦਾ ‘ਆਪ’ ‘ਤੇ ਸ਼ਿਕੰਜਾ, ਵਿਧਾਇਕ ਅਮਾਨਤੁੱਲਾ ਖਾਨ ਦੇ ਕੰਪਲੈਕਸਾਂ ‘ਤੇ ਕੀਤੀ ਛਾਪੇਮਾਰੀ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਜਾਂਚ ਦੇ ਸਿਲਸਿਲੇ ‘ਚ ਮੰਗਲਵਾਰ ਯਾਨੀ 10 ਅਕਤੂਬਰ ਨੂੰ ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਕੰਪਲੈਕਸਾਂ ‘ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 49 ਸਾਲਾ ਖਾਨ ਦਿੱਲੀ ਵਿਧਾਨ ਸਭਾ ਵਿਚ ਓਖਲਾ ਚੋਣ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦੇ ਅਤੇ ਹੋਰ ਲੋਕਾਂ ਖਿਲਾਫ਼ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਬਣਾਉਣ) ਦੇ ਇਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਈ. ਡੀ. ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਕੰਪਲੈਕਸਾਂ ਦੀ ਤਲਾਸ਼ੀ ਲੈ ਰਹੀ ਹੈ। ਸੰਘੀ ਜਾਂਚ ਏਜੰਸੀ ਨੇ ਦਿੱਲੀ ਵਕਫ਼ ਬੋਰਡ ਵਿਚ ਗੈਰ-ਕਾਨੂੰਨੀ ਨਿਯੁਕਤੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਖਾਨ ਖ਼ਿਲਾਫ ਸੀ. ਬੀ. ਆਈ. ਦੀ ਇਕ FIR ਅਤੇ ਦਿੱਲੀ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਦੀ ਇਕ FIR ‘ਤੇ ਨੋਟਿਸ ਲਿਆ ਹੈ। ਖਾਨ ਦਿੱਲੀ ਵਕਫ਼ ਬੋਰਡ ਦੇ ਪ੍ਰਧਾਨ ਹਨ।
ਦੱਸ ਦੇਈਏ ਕਿ ਦਿੱਲੀ ਵਕਫ਼ ਬੋਰਡ ਵਿੱਤੀ ਬੇਨਿਯਮੀਆਂ ਦੇ ਮਾਮਲੇ ‘ਚ ਵੱਖ-ਵੱਖ ਕੇਸ ਦਰਜ ਕੀਤੇ ਹਨ। ਅਮਾਨਤੁੱਲਾ ਖਾਨ ਨੂੰ ਪਿਛਲੇ ਸਾਲ ਏ. ਸੀ. ਬੀ ਨੇ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਕੁਝ ਡਾਇਰੀਆਂ ਬਰਾਮਦ ਹੋਈਆਂ। ਇਹ ਡਾਇਰੀਆਂ ਅਮਾਨਤੁੱਲਾ ਖਾਨ ਦੇ ਕਰੀਬੀ ਲੱਡਨ ਖਾਨ ਤੋਂ ਬਰਾਮਦ ਕੀਤੀਆਂ ਗਈਆਂ ਸਨ। ਡਾਇਰੀਆਂ ‘ਚ ਹਵਾਲਾ ਰਾਹੀਂ ਲੱਖਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਸੀ। ਇਨ੍ਹਾਂ ‘ਚੋਂ ਜ਼ਿਆਦਾਤਰ ਲੈਣ-ਦੇਣ ਗ਼ੈਰ-ਕਾਨੂੰਨੀ ਮਨੀ ਲਾਂਡਰਿੰਗ ਦੇ ਲੈਣ-ਦੇਣ ਸਨ, ਕੁਝ ਲੈਣ-ਦੇਣ ਵਿਦੇਸ਼ਾਂ ਤੋਂ ਵੀ ਸਨ। ਏ. ਸੀ. ਬੀ ਨੇ ਆਪਣੀ ਜਾਂਚ ਈ.ਡੀ. ਨਾਲ ਸਾਂਝੀ ਕੀਤੀ ਸੀ।