CBI ਨੇ ਅਦਾਲਤ ਦਾ ਖੜਕਾਇਆ ਦਰਵਾਜ਼ਾ, ‘ਆਪ’ ਨੇ ਦੱਸਿਆ ਤਮਾਸ਼ਾ

4ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਸੀ. ਬੀ. ਆਈ. ਦੀ ਇਸ ਦਲੀਲ ਨੂੰ ਤਮਾਸ਼ਾ ਕਰਾਰ ਦਿੱਤਾ ਕਿ ਉਸ ਨੂੰ ਦਿੱਲੀ ਸਕੱਤਰੇਤ ਵਿਚ ਇਕ ਛਾਪੇ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ ਦੀ ਲੋੜ ਹੈ ਅਤੇ ਕਿਹਾ ਕਿ ਏਜੰਸੀ ਨੇ ‘ਪ੍ਰਧਾਨ ਮੰਤਰੀ ਦਫਤਰ’ ਦੇ ਇਸ਼ਾਰੇ ‘ਤੇ ਆਪਣੀਆਂ ਦਲੀਲਾਂ ਰੱਖੀਆਂ ਹਨ। ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਛਾਪਿਆਂ ਅਤੇ ਉਸ ਤੋਂ ਬਾਅਦ ਜਾਂਚ ਦਾ ਮੁੱਖ ਉਦੇਸ਼ ਦਿੱਲੀ ਸਰਕਾਰ ਨੂੰ ਅਸਥਿਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਸਕੱਤਰ ਰਾਜਿੰਦਰ ਕੁਮਾਰ ਦੇ ਦਫਤਰ ‘ਤੇ ਛਾਪਿਆਂ ਦੌਰਾਨ ਜ਼ਬਤ ਕੀਤੇ ਗਏ ਕੁਝ ਦਸਤਾਵੇਜ਼ਾਂ ਨੂੰ ਵਾਪਸ ਕਰਨ ਦਾ ਨਿਰਦੇਸ਼ ਦੇਣ ਦੇ ਕੱਲ ਦੇ ਵਿਸ਼ੇਸ਼ ਅਦਾਲਤ ਦੇ ਹੁਕਮ ਨੇ ‘ਆਪ’ ਦੇ ਰੁਖ਼ ਦੀ ਪੁਸ਼ਟੀ ਕਰ ਦਿੱਤੀ ਹੈ।
ਆਸ਼ੂਤੋਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਵੱਡਾ ਤਮਾਸ਼ਾ ਕੀ ਹੋ ਸਕਦਾ ਹੈ? ਸੀ. ਬੀ. ਆਈ. ਆਪਣੀ ਜ਼ਬਤੀ ਨੂੰ ਪ੍ਰਧਾਨ ਸਕੱਤਰ ਰਾਜਿੰਦਰ ਕੁਮਾਰ ਵਿਰੁੱਧ ਜਾਂਚ ਨਾਲ ਜੋੜਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨਕ ਅਧਿਕਾਰਾਂ ਦੀ ਦੁਰਵਰਤੋਂ ਕਰ ਕੇ ਦਿੱਲੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਹੀ ਅਸਲ ਨਿਸ਼ਾਨਾ ਸਨ, ਇਹ ਤੱਥ ਫਿਰ ਤੋਂ ਸਾਬਤ ਹੋ ਗਿਆ ਹੈ। ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ਦੇ ਨਿਰਦੇਸ਼ਾਂ ਵਿਰੁੱਧ ਅੱਜ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਏਜੰਸੀ ਨੇ ਦਲੀਲ ਦਿੱਤੀ ਸੀ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਦਸਤਾਵੇਜ਼ ਨਹੀਂ ਦੇ ਸਕਦੀ, ਜੋ ਮਾਮਲੇ ਨਾਲ ਜੁੜੇ ਨਹੀਂ ਹਨ ਅਤੇ ਮਾਮਲੇ ਵਿਚ ਗਵਾਹਾਂ ਤੋਂ ਅਜੇ ਪੁੱਛ-ਗਿੱਛ ਨਹੀਂ ਹੋਈ ਹੈ, ਇਸ ਲਈ ਦਸਤਾਵੇਜ਼ ਸਾਡੇ ਲਈ ਜ਼ਰੂਰੀ ਹਨ।