ਕਰਾਚੀ: ਪਾਕਿਸਤਾਨੀ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਸ਼ਹਿਰਯਾਰ ਖਾਨ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਪੀ.ਸੀ.ਬੀ. ਨੇ ਦੋ ਪੱਖੀ ਲੜੀ ਖੇਡਣ ਦੇ ਸਹਿਮਤੀ ਪੱਤਰ ਦਾ ਸਨਮਾਨ ਨਾ ਕਰਨ ਦੇ ਲਈ ਬੀ.ਸੀ.ਸੀ.ਆਈ. ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਕਿਸਮ ‘ਤੇ ਅਜੇ ਤੱਕ ਫ਼ੈਸਲਾ ਨਹੀਂ ਕੀਤਾ ਹੈ। ਸ਼ਹਿਰਯਾਰ ਨੇ ਕਿਹਾ ਕਿ ਪੀ.ਸੀ.ਬੀ. ਨੂੰ ਇਹ ਫ਼ੈਸਲਾ ਕਰਨ ‘ਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗੇਗਾ ਕਿ 2014 ‘ਚ ਕੀਤੇ ਗਏ ਐੱਮ.ਓ.ਯੂ. ਦਾ ਸਨਮਾਨ ਨਹੀਂ ਕਰਨ ਦੇ ਲਈ ਬੀ.ਸੀ.ਸੀ.ਆਈ. ਦੇ ਖਿਲਾਫ਼ ਕਿਹੜੀ ਕਾਨੂੰਨੀ ਕਾਰਵਾਈ ਕਰੀਏ। ਉਨ੍ਹਾਂ ਕਿਹਾ ਕਿ ਬੋਰਡ ਆਪਣੀ ਕਾਨੂੰਨੀ ਟੀਮ ਨਾਲ ਸਲਾਹ ਦੇ ਬਾਅਦ ਫ਼ੈਸਲਾ ਕਰੇਗਾ। ਸ਼ਹਿਰਯਾਰ ਨੇ ਕਿਹਾ ਕਿ ਅਸੀਂ ਕੌਮਾਂਤਰੀ ਬੈਰਿਸਟਰ ਨੂੰ ਨਿਯੁਕਤ ਕਰ ਸਕਦੇ ਹਾਂ, ਇਹ ਕਿਊਸੀ ਅਗਲੇ ਕਦਮ ‘ਤੇ ਸਾਨੂੰ ਸਲਾਹ ਦੇਵੇਗਾ। ਪਰ ਸਾਡੇ ਕੋਲ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਓ.ਸੀ.) ਦੀ ਵਿਵਾਦ ਹੱਲ ਕਮੇਟੀ, ਕੌਮਾਂਤਰੀ ਖੇਡ ਪੰਚਾਟ ਅਤੇ ਹੋਰ ਕੌਮਾਂਤਰੀ ਅਦਾਲਤ ‘ਚ ਮਾਮਲਾ ਦਾਇਰ ਕਰਨ ਦਾ ਬਦਲ ਵੀ ਹੈ। ਸ਼ਹਿਰਯਾਰ ਨੇ ਕਿਹਾ ਕਿ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਅਦ ਬੀ.ਸੀ.ਸੀ.ਆਈ. ‘ਚ ਹੋਏ ਮੌਜੂਦਾ ਬਦਲਾਅ ਦੇ ਬਾਵਜੂਦ ਪੀ.ਸੀ.ਬੀ. ਭਾਰਤੀ ਬੋਰਡ ਦੇ ਖਿਲਾਫ਼ ਕਾਨੂੰਨੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ।












