ਲਾ ਲਓ ਦੋਸ਼, ਅਸੀਂ ਝੁਕਣ ਵਾਲਿਆਂ ‘ਚੋਂ ਨਹੀਂ: ਕਰਨ ਜੌਹਰ

ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਪ੍ਰਿਅੰਕਾ ਚੋਪੜਾ ਦਾ ਕਰੀਅਰ ਖ਼ਰਾਬ ਕਰਨ ਦੇ ਲੱਗੇ ਦੋਸ਼ਾਂ ਦਾ ਜਵਾਬ ਨਿਰਦੇਸ਼ਕ ਕਰਨ ਜੌਹਰ ਵਲੋਂ ਇੱਕ ਨੋਟ ਸਾਂਝਾ ਕਰ ਕੇ ਦਿੱਤਾ ਗਿਆ। ਆਪਣੇ ਇਨਸਟਾਗ੍ਰੈਮ ਐਕਾਊਂਟ ਰਾਹੀਂ ਕਰਨ ਜੌਹਰ ਨੇ ਕਿਹਾ, “ਲਾ ਲਓ ਦੋਸ਼ … ਅਸੀਂ ਝੁਕਣ ਵਾਲਿਆਂ ‘ਚੋਂ ਨਹੀਂ … ਝੂਠ ਦੇ ਬਣ ਜਾਓ ਗ਼ੁਲਾਮ … ਅਸੀਂ ਬੋਲਣ ਵਾਲਿਆਂ ‘ਚੋਂ ਨਹੀਂ … ਜਿੰਨਾ ਹੇਠਾ ਡਿਗੋਗੇ … ਜਿੰਨੇ ਦੋਸ਼ ਲਗਾਓਗੇ … ਅਸੀਂ ਡਿੱਗਣ ਵਾਲਿਆਂ ‘ਚੋਂ ਨਹੀਂ … ਸਾਡਾ ਕੰਮ ਹੀ ਸਾਡੀ ਜਿੱਤ ਹੈ … ਤੁਸੀਂ ਤਲਵਾਰ ਚੁੱਕ ਲਓ … ਅਸੀਂ ਮਰਨ ਵਾਲਿਆਂ ‘ਚੋਂ ਨਹੀਂ।”
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕਰਨ ਜੌਹਰ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਉਹ ਇਹ ਕਹਿੰਦਾ ਸੁਣਾਈ ਦੇ ਰਿਹਾ ਸੀ ਕਿ ਉਹ ਅਨੁਸ਼ਕਾ ਸ਼ਰਮਾ ਦੇ ਕਰੀਅਰ ਦਾ ਕਤਲ ਕਰ ਦੇਣਾ ਚਾਹੁੰਦਾ ਸੀ। ਫ਼ਿਲਮ ਐ ਦਿਲ ਹੈ ਮੁਸ਼ਕਿਲ ਦੀ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ‘ਚ ਕਰਨ ਜੌਹਰ ਅਤੇ ਅਨੁਸ਼ਕਾ ਸ਼ਰਮਾ ਵਿਚਾਲੇ ਹੋਈ ਗੱਲਬਾਤ ‘ਚ ਇਹ ਗੱਲ ਜ਼ਾਹਿਰ ਹੋਈ ਸੀ ਕਿ ਅਨੁਸ਼ਕਾ ਦੀ ਪਹਿਲੀ ਫ਼ਿਲਮ ਰੱਬ ਨੇ ਬਨਾ ਦੀ ਜੋੜੀ ਵੇਲੇ ਕਰਨ ਨੂੰ ਅਨੁਸ਼ਕਾ ਬਿਲਕੁਲ ਵੀ ਪਸੰਦ ਨਹੀਂ ਸੀ।
ਇਸ ‘ਤੇ ਹੱਸਦਿਆਂ ਅਨੁਸ਼ਕਾ ਨੇ ਕਿਹਾ ਸੀ ਕਿ ਕਰਨ ਨੇ ਉਸ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀਡੀਓ ਓਦੋਂ ਚਰਚਾ ‘ਚ ਆਈ ਜਦੋਂ ਹਾਲ ਹੀ ‘ਚ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਕਰੀਅਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਗੱਲ ਉਠੀ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਦੇ ਰਾਹ ‘ਚ ਅੜਾਏ ਗਏ ਅੜਿੱਕਿਆਂ ਕਾਰਨ ਹੀ ਉਹ ਹੌਲੀਵੁਡ ਜਾ ਕੇ ਕੰਮ ਕਰਨ ਲੱਗੀ ਪਈ।