ਸ਼ਾਹਿਦ ਕਪੂਰ ੰਤੇ ਕ੍ਰਿਤੀ ਸੈਨਨ ਦੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ

ਬੌਲੀਵੁਡ ਅਦਾਕਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਪਰ ਇਸ ਫ਼ਿਲਮ ਦਾ ਨਾਂ ਬਾਅਦ ‘ਚ ਐਲਾਨਿਆ ਜਾਵੇਗਾ। ਕ੍ਰਿਤੀ ਨੇ ਇਨਸਟਾਗ੍ਰੈਮ ‘ਤੇ ਆਪਣੇ ਪ੍ਰਸ਼ੰਸਕਾਂ ਅਤੇ ਫ਼ੌਲੋਅਰਜ਼ ਨਾਲ ਅਪਡੇਟ ਸਾਂਝੀ ਕੀਤੀ ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ, “ਸਾਡੀ ਇੰਪੌਸੀਬਲ ਲਵ ਸਟੋਰੀ ਦੀ ਸ਼ੂਟਿੰਗ ਮੁਕੰਮਲ, ਅਤੇ ਅਕਤੂਬਰ 2023 ‘ਚ ਇਸ ਨੂੰ ਰਿਲੀਜ਼ ਕੀਤਾ ਜਾਵੇਗਾ।”
ਇਹ ਫ਼ਿਲਮ ਜੀਓ ਸਟੂਡੀਓ ਅਤੇ ਦਿਨੇਸ਼ ਵਿਜਯਨ ਦੀ ਪੇਸ਼ਕਾਰੀ ਨਾਲ ਤਿਆਰ ਕੀਤੀ ਗਈ ਹੈ ਜਿਸ ਦੇ ਲੇਖਕ ਅਤੇ ਨਿਰਦੇਸ਼ਕ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ਾਹਿਦ ਅਤੇ ਕ੍ਰਿਤੀ ਦੀ ਇਸ ਫ਼ਿਲਮ ਦੀ ਪਹਿਲੀ ਝਲਕ ਵੀ ਜਾਰੀ ਕੀਤੀ ਜਿਸ ‘ਚ ਉਹ ਦੋਵੇਂ ਇੱਕ ਮੋਟਰਸਾਈਕਲ ‘ਤੇ ਬੈਠੇ ਨਜ਼ਰ ਆ ਰਹੇ ਹਨ। ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਢੇਰ ਸਾਰੀਆਂ ਹਾਂਪੱਖੀ ਟਿੱਪਣੀਆਂ ਕੀਤੀਆਂ।
ਇੱਕ ਪ੍ਰਸ਼ੰਸਕ ਨੇ ਲਿਖਿਆ ਹੈ, “ਦੋ ਹੌਟ ਅਦਾਕਾਰ ਇਕੱਠੇ … ਸਭ ਤੋਂ ਵਧੀਆ ਖ਼ਬਰ।” ਇਸ ਤੋਂ ਇਲਾਵਾ ਸ਼ਾਹਿਦ ਕਪੂਰ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਦੀ ਆਉਣ ਵਾਲੀ ਐਕਸ਼ਨ ਫ਼ਿਲਮ ਬਲੱਡੀ ਡੈਡੀ ‘ਚ ਵੀ ਨਜ਼ਰ ਆਵੇਗਾ। ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਅਧਿਕਾਰਿਕ ਮਿਤੀ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ। ਦੂਜੇ ਪਾਸੇ, ਕ੍ਰਿਤੀ ਮੈਗਾਸਟਾਰ ਅਮਿਤਾਭ ਬੱਚਨ ਅਤੇ ਟਾਈਗਰ ਸ਼ਰੌਫ਼ ਨਾਲ ਗਣਪਤ ‘ਚ ਕੰਮ ਕਰ ਰਹੀ ਹੈ।