ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਇਨ੍ਹੀਂ ਦਿਨੀਂ ਕਈ ਧਮਕੀਆਂ ਮਿਲ ਰਹੀਆਂ ਹਨ। ਕੁੱਝ ਦਿਨ ਪਹਿਲਾਂ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈ-ਮੇਲ ਵੀ ਆਈ ਸੀ। ਸਲਮਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੰਬਈ ਪੁਲੀਸ ਨੇ ਵੀ ਉਸ ਦੀ ਸੁਰੱਖਿਆ ਵਧਾ ਦਿੱਤੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਆਪਣੀ ਸੁਰੱਖਿਅਤ ਯਾਤਰਾ ਲਈ ਸਲਮਾਨ ਖ਼ਾਨ ਨੇ ਇੱਕ ਨਵੀਂ SUV ਆਰਮਰਡ ਨਿਸਾਨ ਪੈਟਰੋਲ (Armored Nissan Patrol) ਖ਼ਰੀਦੀ ਹੈ ਜੋ ਕਿ ਇੱਕ ਬੁਲੇਟ ਪਰੂਫ਼ ਗੱਡੀ ਹੈ। ਹਾਲ ਹੀ ‘ਚ ਸਲਮਾਨ ਨੂੰ ਇਸ ਨਵੀਂ SUV ‘ਚ ਮੁੰਬਈ ਦੀਆਂ ਸੜਕਾਂ ‘ਤੇ ਸਫ਼ਰ ਕਰਦੇ ਦੇਖਿਆ ਗਿਆ, ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਦੀ ਇਹ SUV ਆਪਣੀ ਸੈਗਮੈਂਟ ‘ਚ ਕਾਫ਼ੀ ਮਸ਼ਹੂਰ ਹੈ। ਇਸ ਦਾ ਪੌਵਰਫ਼ੁੱਲ ਇੰਜਨ ਅਤੇ ਐਡਵਾਂਸ ਫ਼ੀਚਰਜ਼ ਇਸ ਨੂੰ ਇੱਕ ਹੋਰ ਵੀ ਖ਼ਾਸ SUV ਬਣਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ Nissan Patrol ਨੂੰ ਅਜੇ ਭਾਰਤੀ ਬਾਜ਼ਾਰ ‘ਚ ਲੌਂਚ ਨਹੀਂ ਕੀਤਾ ਗਿਆ, ਪਰ ਇਹ ਖਾੜੀ ਅਤੇ ਦੱਖਣ ਪੂਰਬੀ ਏਸ਼ੀਆਈ ਬਾਜ਼ਾਰਾਂ ‘ਚ ਕਾਫ਼ੀ ਮਸ਼ਹੂਰ ਹੈ। ਇਸ SUV ਨੂੰ ਅੰਤਰਰਾਸ਼ਟਰੀ ਬਾਜ਼ਾਰ ‘ਚ ਇੱਕ ਬੁਲੇਟ ਪਰੂਫ਼ ਵਾਹਨ ਵਜੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਦੀ ਇਸ ਨਵੀਂ SUV ਨੂੰ ਇੰਪੋਰਟ ਕਰ ਕੇ ਭਾਰਤ ਲਿਆਂਦਾ ਗਿਆ ਹੈ, ਅਤੇ ਇਸ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਕਸਟਮਾਈਜ਼ ਕੀਤਾ ਗਿਆ ਹੈ।
ਸਲਮਾਨ ਦੇ ਗੈਰੇਜ ‘ਚ ਹੋਰ ਕਾਰਾਂ
ਸਲਮਾਨ ਖ਼ਾਨ ਦੇ ਗੈਰੇਜ ‘ਚ ਕਈ ਲਗਯਰੀ ਗੱਡੀਆਂ ਹਨ। ਇਸ ਨਿਸਾਨ ਪੈਟਰੋਲ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਜ਼ਿਆਦਾਤਰ ਟੋਇਟਾ ਲੈਂਡ ਕਰੂਜ਼ਰ ‘ਚ ਸਫ਼ਰ ਕਰਦੇ ਦੇਖਿਆ ਗਿਆ ਸੀ। ਨਿਸਾਨ SUV ਨੂੰ ਵੀ ਸਲਮਾਨ ਖ਼ਾਨ ਨੇ ਹਾਲ ਹੀ ‘ਚ ਖਰੀਦਿਆ ਹੈ ਜਿਸ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਖ਼ਾਸ ਤੌਰ ‘ਤੇ ਕਸਟਮਾਈਜ਼ ਕਰਵਾਇਆ ਗਿਆ ਹੈ। ਇਸ SUV ‘ਚ ਬੁਲੇਟਪਰੂਫ਼ ਗਲਾਸ ਆਦਿ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ ਕੋਲ ਇੱਕ ਲੈਂਡ ਰੋਵਰ ਰੇਂਜ ਰੋਵਰ ਔਟੋਬਾਇਓਗ੍ਰਾਫ਼ੀ ਅਤੇ ਔਡੀ ਆਰ-7 ਸਪੋਰਟਬੈਕ, ਕੁੱਝ ਹੋਰ ਲਗਯਰੀ ਕਾਰਾਂ ਅਤੇ ਹੈਵੀ ਬਾਈਕਸ ਵੀ ਹਨ।











