ਡਾ.ਕੇਵਲ ਅਰੋੜਾ
94176-95299
ਜਦੋਂ ਮੱਝ ਅਤੇ ਬੁਗਨੀ ਦੋਹੇਂ ਬੱਚ ਗਈਆਂ
ਪਸ਼ੂ ਪਾਲਣ ਵਿਭਾਗ ‘ਚ ਆਰਫ਼ ਕੇ (ਜ਼ਿਲ੍ਹਾ ਫ਼ਿਰੋਜ਼ਪੁਰ) ਮੇਰੀ ਪਹਿਲੀ ਪੋਸਟਿੰਗ ਸੀ। ਘਰ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਮਜਬੂਰੀਆਂ ਮੇਰੇ ਅੰਦਰ ਇੱਕ ਤਾਣਾ-ਬਾਣਾ ਬੁਣੀ ਬੈਠੀਆਂ ਸਨ। ਮੈਨੂੰ ਪਸ਼ੂਆਂ ਦੀ ਸੇਵਾ ਕਰਨ ‘ਚ ਮਨ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਸੀ ਕਿਉਂਕਿ ਇਹ ਲੋਕਾਂ ਦੀਆਂ ਰੋਜ਼ੀ ਰੋਟੀ ਦਾ ਵੱਡਾ ਸਾਧਨ ਵੀ ਸਨ, ਅਤੇ ਬਹੁਤੇ ਲੋਕਾਂ ਘਰ ਅਤੇ ਬੱਚਿਆਂ ਦੀ ਪੜਾਈ ਦਾ ਖ਼ਰਚਾ ਪਸ਼ੂਆਂ ‘ਚੋਂ ਹੀ ਕੱਢ ਲੈਂਦੇ ਸਨ, ਉਹਨਾਂ ਨੂੰ ਆੜ੍ਹਤੀਆਂ ਕੋਲ ਜਾਣ ਦੀ ਲੋੜ ਨਹੀਂ ਸੀ ਪੈਂਦੀ। ਬੱਚਿਆਂ ਦੀ ਕੰਮ ਕਰਨ ਨਾਲ ਕਸਰਤ ਵੀ ਹੋ ਜਾਣੀ ਅਤੇ ਘਰ ਦੇ ਦੁੱਧ ਘਿਓ ਨਾਲ ਵਧੀਆ ਖ਼ੁਰਾਕ ਵੀ ਮਿਲ ਜਾਣੀ ਅਤੇ ਬੱਚੇ ਸਿਹਤਮੰਦ ਹੋ ਕੇ ਅਪਣੇ ਪਰਿਵਾਰ ਨਾਲ ਕੰਮ ‘ਚ ਵੀ ਹੱਥ ਵਟਾਉਂਦੇ। ਓਦੋਂ ਕੁੱਝ ਕੁ ਲੋਕ ਹੀ ਚੰਗੀ ਆਰਥਿਕ ਹਾਲਤ ‘ਚ ਸਨ, ਬਾਕੀ ਆਈ-ਚਲਾਈ ‘ਚ ਅਤੇ ਕੁੱਝ ਬਹੁਤ ਹੀ ਗ਼ਰੀਬੀ ‘ਚ ਵੇਲਾ ਪਾਸ ਕਰ ਰਹੇ ਸਨ। ਪੰਜਾਬ ਦੇ ਹਾਲਾਤ ਵੀ ਉਦੋਂ ਬਹੁਤ ਬੁਰੇ ਚੱਲ ਰਹੇ ਸਨ, ਅਤੇ ਉਹ ਇਲਾਕਾ ਜਿਥੇ ਮੈਂ ਆ ਕੇ ਲੱਗਿਆ ਸਾਂ ਪਾਕਿਸਤਾਨ ਦੇ ਬਾਰਡਰ ‘ਤੇ ਪੈਂਦਾ ਸੀ। ਬੰਦਾ ਕੰਮ ‘ਤੇ ਗਿਆ ਜਿਵੇਂ ਮੌਤ ਦੇ ਮੂੰਹ ‘ਚੋਂ ਵਾਪਿਸ ਮੁੜ ਕੇ ਆਉਂਦਾ ਸੀ। ਫ਼ਿਰੋਜਪੁਰ-ਮੱਲਾਂ ਵਾਲਾ ਸੜਕ ਅਤੇ ਫ਼ਿਰੋਜ਼ਪੁਰ-ਜਲੰਧਰ ਰੇਲਵੇ ਟ੍ਰੈਕ ਦੇ ਨਾਲ ਵੱਸਿਆ ਹੋਇਆ ਹੈ ਪਿੰਡ ਆਰਫ਼ ਕੇ … ਗੱਡੀ ਦੀ ਲਾਈਨ ਦੇ ਆਰ ਪਾਰ ਉੱਤਰ-ਦੱਖਣ, ਜਿਵੇਂ ਦੋ ਸੱਭਿਅਤਾਵਾਂ ਵੱਸਦੀਆਂ ਹੋਣ, ਵੱਖਰੇ ਸੁਭਾਅ ਅਤੇ ਵੱਖੋ-ਵੱਖਰੀਆਂ ਸੋਚਾਂ … ਇੱਕ ਪਾਸੇ ਚੁਗੱਤੇ ਵਾਲਾ ਅਤੇ ਦੂਜਾ ਪਾਸੇ ਮੁੱਠਿਆਂ ਵਾਲੀ! ਬਾਰਡਰ ‘ਤੇ ਬੈਠੀ ਰਾਏ ਬਿਰਾਦਰੀ ਦੀ ਅਪਣੀ ਇੱਕ ਵੱਖਰੀ ਹੀ ਦੁਨੀਆਂ ਸੀ, ਪਰ ਮੇਰਾ ਇਹਨਾਂ ਸਭ ਨਾਲ ਹੀ ਪੂਰਾ ਪਿਆਰ ਸੀ। ਬਾਬਾ ਰਾਮ ਲਾਲ ਦੇ ਡੇਰੇ ਨੂੰ ਲੋਕ ਬਹੁਤ ਸਤਿਕਾਰ ਦਿੰਦੇ ਸਨ ਜੋ ਬਾਅਦ ‘ਚ ਵਧੀਆ ਇਮਾਰਤ ਉਸਾਰ ਕੇ ਇੱਕ ਗੁਰੂਦੁਆਰਾ ਬਣਾ ਦਿੱਤਾ ਗਿਆ। ਗੁਰੂਦੁਆਰਾ ਬਾਬਾ ਰਾਮ ਲਾਲ। ਕੁੱਝ ਇਲਾਕਾ ਦਰਿਆ ‘ਚ ਪੈਂਦਾ ਸੀ ਅਤੇ ਉਸ ਦੀ ਮਿੱਟੀ ਬਹੁਤ ਜ਼ਰਖ਼ੇਜ਼ ਸੀ, ਪਰ ਉਸ ਇਲਾਕੇ ਦੀ ਬਾਰਿਸ਼ਾਂ ‘ਚ ਤਿਲਕਣ ਵੀ ਬਹੁਤ ਹੋ ਜਾਣੀ, ਅਤੇ ਸਕੂਟਰ ਚਲਾਉਣਾ ਵੀ ਬਹੁਤ ਮੁਸ਼ਕਿਲ ਸੀ … ਬਰੇਕ ਲਗਾਉਣ ‘ਤੇ ਸਕੂਟਰ ਦਾ ਮੂੰਹ ਦੂਜੇ ਪਾਸੇ ਹੋ ਜਾਣਾ।
ਉਸ ਇਲਾਕੇ ਦੇ ਬਹੁਤ ਸਾਰੇ ਲੜਕੇ ਕਾਲੇ ਦੌਰ ਦੀ ਭੇਂਟ ਚੜ੍ਹ ਚੁੱਕੇ ਸਨ। ਪੁਲੀਸ ‘ਚ ਨੌਕਰੀ ਕਰਦੇ ਲੋਕ ਅਪਣੇ ਪਿੰਡ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਚੁੱਕੇ ਸਨ, ਅਤੇ ਕਈ ਲੜਕੇ ਮੇਰੇ ਕੋਲ ਪਸ਼ੂਆਂ ਦਾ ਇਲਾਜ ਕਰਾਉਣ ਆਉਂਦੇ, ਉਸ ਲਹਿਰ ‘ਚ ਰਲ ਜਾਂਦੇ, ਅਤੇ ਬਹੁਤੀ ਵਾਰ ਉਹਨਾਂ ਦੀਆਂ ਲਾਸ਼ਾਂ ਹੀ ਘਰ ਆਉਂਦੀਆਂ … ਪਰ ਲੋਕ ਬਹੁਤ ਹੌਸਲੇ ਅਤੇ ਹਿੰਮਤ ਵਾਲੇ ਸਨ। ਮੈਂ ਉਹਨਾਂ ਦੇ ਦੁੱਖਾਂ ਸੁੱਖਾਂ ‘ਚ ਸ਼ਾਮਿਲ ਹੁੰਦਾ ਰਹਿੰਦਾ ਸੀ, ਪਰ ਮੈਨੂੰ ਕਦੇ ਵੀ ਉਹ ਪਰਾਏ ਨਾ ਲੱਗਦੇ ਜਦ ਕਿ ਉਹਨਾਂ ਦਿਨਾਂ ‘ਚ ਕੋਈ ਵਿਰਲਾ ਕਰਮਚਾਰੀ ਹੀ ਅਪਣੀਂ ਨੌਕਰੀ ‘ਤੇ ਜਾਂਦਾ ਸੀ। ਪੁਲੀਸ ਵੀ ਉਸ ਇਲਾਕੇ ‘ਚ ਵੜਨ ਤੋਂ ਗ਼ੁਰੇਜ਼ ਕਰਦੀ ਸੀ ਅਤੇ ਬਾਰਡਰ ‘ਤੇ ਫ਼ੌਜ ਤਾਇਨਾਤ ਸੀ। ਇਲਾਕੇ ‘ਚ ਗਲ-ਘੋਟੂ ਦੀ ਬਿਮਾਰੀ ਬਹੁਤ ਪੈਂਦੀ ਸੀ, ਪਰ ਅਸੀਂ ਇਲਾਜ ਕਰ ਕੇ ਪਸ਼ੂ ਬਚਾ ਲੈਂਦੇ ਸਾਂ ਅਤੇ ਵੈਕਸੀਨ ਲਾਉਣੀ ਵੀ ਮੈਂ ਕਾਫ਼ੀ ਲੜਕਿਆਂ ਨੂੰ ਸਿਖਾ ਦਿੱਤੀ ਸੀ, ਇਸ ਕਰ ਕੇ ਗੱਲ-ਘੋਟੂ ਅਤੇ ਮੂੰਹ-ਖੁਰ ਦੀ ਬਿਮਾਰੀ ‘ਤੇ ਕਾਬੂ ਪਾ ਲਿਆ ਸੀ। ਲੋਕ ਮੈਨੂੰ ਇੱਕ ਮਲਵੱਈ ਡਾਕਟਰ ਕਰ ਕੇ ਜਾਣਦੇ ਸਨ। ਬਹੁਤੇ ਲੋਕ ਸ਼ਾਇਦ ਮੇਰਾ ਨਾਮ ਦਾ ਵੀ ਨਹੀਂ ਸੀ ਜਾਣਦੇ, ਪਰ ਉਹਨਾਂ ‘ਚ ਮੇਰੇ ਲਈ ਅਪਣਾਪਨ ਬਹੁਤ ਸੀ ਅਤੇ ਮੈਨੂੰ ਵੀ ਕਦੇ ਓਪਰੇ ਨਹੀਂ ਸਨ ਲੱਗਦੇ। ਮੈਂ ਅਕਸਰ ਗ਼ਰੀਬ ਲੋਕਾਂ ਦੇ ਪਸ਼ੂਆਂ ਦਾ ਇਲਾਜ ਬਿਨਾ ਕੋਈ ਮੁਨਾਫ਼ਾ ਲਏ ਘਰ ਜਾ ਕੇ ਵੀ ਕਰ ਆਉਂਦਾ ਸੀ ਅਤੇ ਬਾਕੀ ਲੋਕਾਂ ਤੋਂ ਵੀ ਵਾਜਬ ਜਿਹਾ ਮੁਨਾਫ਼ਾ ਲੈ ਕੇ! ਇਸ ਕਰ ਕੇ ਮੇਰੇ ਕੋਲ ਹਸਪਤਾਲ ਅਤੇ ਫ਼ੀਲਡ ‘ਚ ਕਾਫ਼ੀ ਕੰਮ ਹੋ ਗਿਆ ਸੀ।
ਨੇੜੇ ਢੋਲੇ ਵਾਲੇ ਪਿੰਡ ਤੋਂ ਇੱਕ ਬੀਬੀ ਸੱਤ-ਅੱਠ ਸਾਲ ਦੇ ਬੱਚੇ ਨਾਲ ਮੇਰੇ ਕੋਲ ਆਈ ਅਤੇ ਅਪਣੀਂ ਮੱਝ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਮੈਂ ਨਾਮ ਪਤਾ ਪੁੱਛ ਕੇ ਉਹਨਾਂ ਦੇ ਪਿੰਡ ਪਹੁੰਚ ਗਿਆ। ਸੱਜਰ ਸੂਈ ਮੱਝ ਕਾਫ਼ੀ ਬੀਮਾਰ ਸੀ ਅਤੇ ਸੁਸਤ ਵੀ ਬਹੁਤ ਲੱਗ ਰਹੀ ਸੀ। ਪੁੱਛਣ ‘ਤੇ ਪਤਾ ਲੱਗਾ ਕਿ ਮੱਝ ਦਾ ਜ਼ੋਰ ਬਹੁਤ ਲੱਗਾ ਸੀ ਜ਼ੇਰ ਵੀ ਲੇਟ ਪਈ ਸੀ ਅਤੇ ਦਵਾ ਦਾਰੂ ਕੀਤੀ। ਓਦੋਂ ਦਵਾਈਆਂ ਬਹੁਤੀਆਂ ਮਹਿੰਗੀਆਂ ਨਹੀਂ ਸਨ, ਅਤੇ ਮੈਂ ਵੀ ਤੇਲ ਪਾਣੀ ਲੈ ਕੇ ਹੀ ਖ਼ੁਸ਼ ਹੋ ਜਾਂਦਾ ਸੀ। ਬੀਬੀ ਨੇ ਪੈਸੇ ਪੁੱਛੇ ਸ਼ਾਇਦ ਕੁੱਲ ਚਾਲੀ ਕੁ ਰੁਪਏ ਬਣਦੇ ਸੀ। ਬੀਬੀ ਬਾਹਰੋਂ ਘੋਟਣਾ ਲੈ ਕੇ ਜਿਉਂ ਹੀ ਅੰਦਰ ਗਈ ਤਾਂ ਅੰਦਰ ਚੀਕ ਚਿਹਾੜਾ ਪੈ ਗਿਆ। ਦੋ ਜਵਾਕ ਅਤੇ ਤੀਜੀ ਬੀਬੀ … ਮੈਂ ਵੀ ਭੱਜ ਕੇ ਅੰਦਰ ਗਿਆ ਕਿ ਕਿਸੇ ਨੂੰ ਬਿਜਲੀ ਹੀ ਨਾ ਲੱਗ ਗਈ ਹੋਵੇ, ਪਰ ਅੰਦਰ ਜਾ ਕੇ ਦੇਖਿਆ ਕਿ ਮਿੱਟੀ ਦੀ ਬੁਗਨੀਂ ਨੂੰ ਬੀਬੀ ਘੋਟਣੇ ਨਾਲ ਤੋੜਣਾ ਚਾਹੁੰਦੀ ਸੀ ਅਤੇ ਬੱਚੇ ਤੋੜਨ ਨਹੀਂ ਸੀ ਦੇ ਰਹੇ। ਇਹ ਸਭ ਵੇਖ ਕੇ ਮੈਂ ਧੁਰ ਅੰਦਰ ਤਕ ਹਿੱਲ ਗਿਆ ਅਤੇ ਸਮਝ ਗਿਆ ਕਿ ਇਹ ਬੁਗਨੀ ਮੈਨੂੰ ਪੈਸੇ ਦੇਣ ਲਈ ਤੋੜੀ ਜਾ ਰਹੀ ਹੈ। ਮੈਂ ਬੀਬੀ ਦੇ ਹੱਥ ਚੋਂ ਘੋਟਣਾ ਫ਼ੜ ਲਿਆ ਅਤੇ ਆਖਿਆ, ”ਨਹੀਂ ਚਾਹੀਦੇ ਮੈਨੂੰ ਭੈਣ ਜੀ ਇਹੋ ਜਿਹੇ ਪੈਸੇ।”
ਇਹ ਸੁਣ ਬੱਚੇ ਇੱਕ ਦਮ ਸ਼ਾਂਤ ਹੋ ਗਏ। ਮੈਂ ਅਪਣੀਂ ਜੇਬ੍ਹ ਚੋਂ ਪੰਜ ਰੁਪਏ ਕੱਢੇ ਅਤੇ ਉਸ ਬੁਗਨੀ ‘ਚ ਪਾ ਦਿੱਤੇ। ਮੇਰੀਆਂ ਅੱਖਾਂ ‘ਚੋਂ ਅੱਥਰੂ ਆਪ ਮੁਹਾਰੇ ਵਹਿਣ ਲੱਗੇ। ਚੁੱਪ ਚਾਪ ਵਾਪਿਸ ਹਸਪਤਾਲ ਆ ਬੈਠਾ। ਫ਼ਿਰ ਲਗਾਤਾਰ ਤਿੰਨ-ਚਾਰ ਦਿਨ ਇਲਾਜ ਕੀਤਾਂ ਅਤੇ ਮੱਝ ਬਚ ਗਈ ਅਤੇ ਦੁੱਧ ਵੀ ਦੇਣ ਲੱਗ ਪਈ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮੱਝ ਅਤੇ ਬੁਗਨੀ ਦੋਵੇਂ ਬਚ ਗਈਆਂ ਨੇ। ਇਸ ਤਰ੍ਹਾਂ ਦੀਆਂ ਯਾਦਾਂ ਚੇਤੇ ਕਰ ਕੇ ਅੱਜ ਵੀ ਮੇਰੇ ਮਨ ਨੂੰ ਸਕੂਨ ਮਿਲਦਾ ਰਹਿੰਦਾ ਹੈ … ਕਮਾਲ ਦੇ ਦਿਨ ਸਨ, ਉਹ!















