ਤੁਸੀਂ ਇਸ ਵੇਲੇ ਜਿੱਥੇ ਹੋ, ਉੱਥੇ ਕਿੱਦਾਂ ਪਹੁੰਚੇ? ਤੁਸੀਂ ਕਿਹੜੀਆਂ ਚੋਣਾਂ ਕੀਤੀਆਂ ਸਨ? ਤੁਸੀਂ ਕਿਹੜੇ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਸਨ? ਹੁਣ, ਉਸ ‘ਚੋਂ ਬਾਹਰ ਨਿਕਲਣ ਲਈ ਤੁਹਾਡੇ ਕੋਲ ਕਿਹੜੀ ਧਾਰਾ ਹੈ? ਤੁਹਾਡਾ ਪਲੈਨ-B ਕੀ ਹੈ? ਜੇਕਰ ਜੀਵਨ ਦਾ ਮਤਲਬ ਕੇਵਲ ਆਪਣੀ ਆਜ਼ਾਦ ਸੋਚ ਦਾ ਇਜ਼ਹਾਰ ਕਰਨਾ ਅਤੇ ਖ਼ੁਦ ਲਈ ਮੌਕੇ ਸਿਰਜਣਾ ਹੈ ਤਾਂ ਇੰਝ ਕਿਓਂ ਜਾਪਦਾ ਹੈ ਕਿ ਤੁਹਾਡਾ ਸਾਹਮਣਾ ਹਮੇਸ਼ਾ ਇੰਨੇ ਸਾਰੇ ਬੰਦ ਦਰਵਾਜ਼ਿਆਂ, ਮੁਕੰਮਲ ਹੋ ਚੁੱਕੇ ਸੌਦਿਆਂ ਅਤੇ ਨਾ-ਤੋੜੇ ਜਾ ਸਕਣ ਵਾਲੇ ਨਿਯਮਾਂ ਨਾਲ ਹੀ ਹੁੰਦਾ ਹੈ? ਕਾਨੂੰਨ ਵਿਚਲੀ ਇੱਕ ਚੋਰ ਮੋਰੀ ਖ਼ੁਦ ਨੂੰ ਜ਼ਾਹਿਰ ਕਰਨ ਵਾਲੀ ਹੈ। ਜੇਕਰ ਤੁਸੀਂ ਆਪਣੇ ਇਸ ਡਰ ‘ਚ ਬਹੁਤ ਜ਼ਿਆਦਾ ਫ਼ਸੇ ਰਹੇ ਕਿ ਕੀ ਕਰਨਾ ਮੁਮਕਿਨ ਨਹੀਂ, ਸ਼ਾਇਦ ਤੁਸੀਂ ਆਪਣੇ ਮੌਕੇ ਨੂੰ ਓਦੋਂ ਪਛਾਣ ਨਾ ਸਕੋ ਜਦੋਂ ਉਹ ਸਾਹਮਣੇ ਆਵੇ। ਆਸ਼ਾਵਾਦੀ ਬਣੋ!
ਭੈਅ ਅਤੇ ਅਗਿਆਨਤਾ, ਇੱਕ ਖ਼ਤਰਨਾਕ ਮਿਸ਼ਰਣ ਹੈ। ਇਸ ਨੂੰ ਇੱਕ ਬਹੁਤ ਹੀ ਖ਼ੌਫ਼ਨਾਕ ਸ਼ਕਤੀ ਬਣਾਉਣ ਲਈ ਤੁਹਾਨੂੰ ਇਸ ‘ਚ ਕੇਵਲ ਇੱਕ ਹੋਰ ਚੀਜ਼ ਰਲਾਉਣ ਦੀ ਲੋੜ ਹੈ। ਅਤੇ ਉਹ ਹੈ ਤਾਕਤ। ਤਾਕਤਵਰ ਲੋਕ ਭੈਅਭੀਤ ਅਤੇ ਅਗਿਆਨ ਵਿਅਕਤੀਆਂ ਨੂੰ ਬੇਹੱਦ ਪਸੰਦ ਕਰਦੇ ਨੇ। ਉਹ ਆਪਣੇ ਦਿਲ ਦੀ ਖ਼ੁਸ਼ੀ ਅਨੁਸਾਰ ਉਨ੍ਹਾਂ ਨੂੰ ਵਰਤ ਸਕਦੇ ਹਨ। ਅਤੇ ਜਦੋਂ ਡਰੇ ਹੋਏ ਅਗਿਆਨ ਲੋਕ ਖ਼ੁਦ ਦੀਆਂ ਸ਼ਕਤੀਆਂ ਸਿਰਜ ਲੈਂਦੇ ਹਨ ਤਾਂ ਅਸੀਂ ਸਾਰੇ ਹੀ ਮੁਸ਼ਕਿਲ ‘ਚ ਪੈ ਸਕਦੇ ਹਾਂ। ਇਹ ਉਹ ਵੇਲਾ ਹੁੰਦਾ ਹੈ ਜਦੋਂ ਸਵੈ-ਰੱਖਿਆ ਦੇ ਨਾਮ ‘ਤੇ ਭਿਆਨਕ ਕਰਮ ਕੀਤੇ ਜਾਂਦੇ ਹਨ। ਇਹ ਖ਼ਿਆਲ ਸਾਨੂੰ ਲਿਆਉਂਦਾ ਹੈ ਤੁਹਾਡੀ ਨਿੱਜੀ ਜ਼ਿੰਦਗੀ ‘ਚ ਇਸ ਵਕਤ ਮੌਜੂਦ ਵਿਵਾਦ ਵੱਲ। ਕਿਸੇ ਵੀ ਸ਼ੈਅ ਦੇ ਹੋਰ ਨਿਘਰਣ ਦੀ ਤਵੱਕੋ ਕਰਨਾ ਛੱਡੋ, ਅਤੇ ਉਹ ਫ਼ੌਰਨ ਬਿਹਤਰ ਹੋਣੀ ਸ਼ੁਰੂ ਹੋ ਜਾਵੇਗੀ।
ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਸੀਂ ਸਮਝ ਨਹੀਂ ਰਹੇ। ਇਹ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਚਿੰਤਤ ਕਰ ਰਹੀ ਹੈ ਅਤੇ ਤੁਹਾਨੂੰ ਉਸ ਵੇਲੇ ਤਕ ਅੱਗੇ ਵਧਣੋਂ ਰੋਕ ਰਹੀ ਹੈ ਜਦੋਂ ਤਕ ਤੁਸੀਂ ਇੱਕ ਬੁਝਾਰਤ ਦਾ ਹੱਲ ਨਾ ਲੱਭ ਲਓ। ਜੇਕਰ ਤੁਸੀਂ ਇੱਕ ਸਪੱਸ਼ਟ ਬੁਝਾਰਤ ਨਾਲ ਨਜਿੱਠ ਰਹੇ ਹੁੰਦੇ ਤਾਂ ਇਸ ਨੂੰ ਵਾਜਬ ਵੀ ਕਿਹਾ ਜਾ ਸਕਦਾ ਸੀ। ਤੁਹਾਨੂੰ ਇਹ ਪੂਰੀ ਤਰ੍ਹਾਂ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਹੈ ਜਿਸ ਦੀ ਤੁਹਾਨੂੰ ਸਮਝ ਨਹੀਂ ਲੱਗ ਰਹੀ! ਜੇ ਤੁਸੀਂ ਆਪਣਾ ਨਜ਼ਰੀਆ ਨਾ ਬਦਲਿਆ ਤਾਂ ਤੁਸੀਂ ਚੀਜ਼ਾਂ ਨੂੰ ਵਧੇਰੇ ਰੌਸ਼ਨ ਦ੍ਰਿਸ਼ਟੀਕੋਣ ਤੋਂ ਕਿੰਝ ਦੇਖੋਗੇ? ਉਸ ‘ਤੇ ਫ਼ੋਕੱਸ ਕਰੋ ਜਿਸ ਬਾਰੇ ਤੁਸੀਂ ਨਿਸ਼ਚਿਤ ਹੋ, ਅਤੇ ਜਿੱਥੇ ਉਹ ਤੁਹਾਨੂੰ ਕੁਦਰਤਨ ਲੈ ਕੇ ਜਾਣਾ ਚਾਹੁੰਦਾ ਹੈ, ਉਸ ਪਾਸੇ ਜਾਓ।
ਕਾਰਟੂਨ ਅਤੇ ਬਾਲ-ਕਹਾਣੀਆਂ ‘ਚ ਅਕਸਰ ਅਜਿਹੇ ਕਿਰਦਾਰ ਹੁੰਦੇ ਨੇ ਜਿਹੜੇ ਅਜੀਬੋ-ਗ਼ਰੀਬ ਹਰਕਤਾਂ ਕਰਦੇ ਹੋਏ ਬਹੁਤ ਤੇਜ਼ ਰਫ਼ਤਾਰ ‘ਤੇ ਰੇਸ ਲਗਾ ਸਕਦੇ ਹਨ। ਸਪੱਸ਼ਟ ਰੂਪ ‘ਚ, ਕੌਮੀ ਮਾਨਸਿਕਤਾ ਦੀਆਂ ਗਹਿਰਾਈਆਂ ‘ਚ ਸਮੇਂ ਦੀਆਂ ਸੀਮਾਵਾਂ ਨੂੰ ਚੁਣੌਤੀ ਦੇਣ ਦੀ ਇੱਕ ਸੱਚੀ ਇੱਛਾ ਛੁਪੀ ਹੁੰਦੀ ਹੈ। ਪਰ ਕਿਓਂ? ਤਾਂ ਕਿ ਅਸੀਂ ਇੱਕੋ ਸਮੇਂ ਦੋ ਸਥਾਨਾਂ ‘ਤੇ ਮੌਜੂਦ ਰਹਿ ਸਕੀਏ? ਤਾਂ ਕਿ ਅਸੀਂ ਇਸ ਸੰਸਾਰ ਨੂੰ ਸੁੰਗੇੜ ਸਕੀਏ? ਤਾਂ ਕਿ ਵਾਤਾਵਰਣ ‘ਤੇ ਅਸੀਂ ਕਾਬੂ ਪਾ ਸਕੀਏ ਅਤੇ ਉਨ੍ਹਾਂ ਮੰਗਾਂ ਦੇ ਦਬਾਅ ਤੋਂ ਨਾ ਡਰੀਏ ਜਿਹੜਾ ਇਹ ਜੀਵਨ ਸਾਡੇ ‘ਤੇ ਪਾਉਂਦਾ ਹੈ। ਤੁਸੀਂ ਇਸ ਵਕਤ ਸ਼ਾਇਦ ਬਹੁਤੀ ਤੇਜ਼ੀ ਨਾਲ ਦੌੜ ਨਾ ਸਕੋ, ਪਰ ਤੁਸੀਂ ਤੇਜ਼ੀ ਨਾਲ ਸੋਚ ਜ਼ਰੂਰ ਸਕਦੇ ਹੋ। ਅਤੇ ਇਹ ਤਾਕਤ ਤੁਹਾਨੂੰ ਠੀਕ ਉੱਥੇ ਪਹੁੰਚਾ ਦੇਵੇਗੀ ਜਿੱਥੇ ਹੋਣ ਦੀ ਤੁਹਾਨੂੰ ਇਸ ਵਕਤ ਲੋੜ ਹੈ!!
ਮੁਰਗੇ-ਮੁਰਗੀਆਂ? ਆਪਣੀਆਂ ਖੁੱਡਾਂ ‘ਚ ਆਰਾਮ ਫ਼ਰਮਾਉਣ ਆ ਰਹੇ ਹਨ! ਕਬੂਤਰ? ਉਹ ਬਿੱਲੀ ਦੇ ਅਚਾਨਕ ਪ੍ਰਗਟ ਹੋਣ ਦੇ ਸੀਨ ਨਾਲ ਨਜਿੱਠ ਰਹੇ ਨੇ! ਗਿਰਝਾਂ? ਉਹ ਦਰਖ਼ਤਾਂ ‘ਚ ਛੁਪ ਕੇ ਇੰਤਜ਼ਾਰ ਕਰ ਰਹੀਆਂ ਨੇ। ਕੀ ਹਿੱਚਕੌਕ ਦੀ ਸਭ ਤੋਂ ਭੈਅਭੀਤ ਕਰਨ ਵਾਲੀ ਅੰਗ੍ਰੇਜ਼ੀ ਫ਼ਿਲਮ ਦਾ ਨਾਮ ‘ਦਾ ਬਰਡਜ਼’ ਨਹੀਂ ਸੀ? ਅਤੇ ਪ੍ਰੇਮ ਕਰਨ ਵਾਲੇ ਅਤੇ ਮਾਸਖੋਰੇ ਪੰਛੀਆਂ ਦਰਮਿਆਨ ਫ਼ਰਕ ਕਰ ਸਕਣਾ ਹਰ ਵਕਤ ਸੌਖਾ ਨਹੀਂ ਹੁੰਦਾ! ਕੀ ਇਹ ਵੀ ਹੋ ਸਕਦੈ ਕਿ ਤੁਹਾਡੇ ਖ਼ੁਦ ਦੀ ਪ੍ਰੇਮ ਕਹਾਣੀ ‘ਚ ਇਸ ਵੇਲੇ ਮਾਨਸਿਕ ਪਹੇਲੀ ਦੇ ਪਹਿਲੂ ਛੁਪੇ ਹੋਏ ਹੋਣ? ਸਵਾਲ ਬਹੁਤਾ ਇਸ ਗੱਲ ਦਾ ਨਹੀਂ ਕਿ ਇਹ ਕਿਸ ਨੇ ਕੀਤਾ ਹੈ ਸਗੋਂ ਇਸ ਗੱਲ ਦਾ ਹੈ ਕਿ ਕਿਸ ਨੇ ਇਹ ਨਹੀਂ ਕੀਤਾ ਅਤੇ ਕਿਓਂ? ਨਰਾਜ਼ਗੀ ਛੱਡੋ, ਅਤੇ ਤੁਹਾਨੂੰ ਖ਼ੁਸ਼ੀ ਦੇ ਨੀਲੇ ਪੰਛੀ ਦੇ ਚਹਿਚਹਾਉਣ ਦੀ ਆਵਾਜ਼ ਸੁਣਾਈ ਦੇਵੇਗੀ।














