ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਾਨ ਨੂੰ ਖਤਰਾ ਹੈ। ਅੱਤਵਾਦੀ ਡਰੋਨ ਦੀ ਮਦਦ ਨਾਲ ਉਨ੍ਹਾਂ ‘ਤੇ ਹਮਲਾ ਕਰ ਸਕਦੇ ਹਨ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀਆਂ ਮੁਤਾਬਕ ਅੱਤਵਾਦੀ ਸੁਤੰਤਰਤਾ ਦਿਵਸ ਮੌਕੇ ਪੀ.ਐਮ. ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ‘ਚ ਹਨ। ਅਜਿਹੇ ‘ਚ ਕੌਮੀ ਸਲਾਹਕਾਰ ਅਜੀਤ ਡੋਬਾਲ ਦੀ ਸਲਾਹ ‘ਤੇ ਖੁਫੀਆ ਏਜੰਸੀਆਂ ਤੇ ਐਸ.ਪੀ.ਜੀ. ਪੀ.ਐਮ. ਲਈ ਖਾਸ ਸੁਰੱਖਿਆ ਇੰਤਜ਼ਾਮ ਕਰ ਰਹੇ ਹਨ।
‘ਟਾਈਮਜ਼ ਆਫ ਇੰਡੀਆ’ ਅਖਬਾਰ ਮੁਤਾਬਕ ਇਸ ਵਾਰ ਖਤਰਾ ਜ਼ਿਆਦਾ ਹੈ। ਅਜਿਹੇ ‘ਚ ਬੁਲੇਟਪਰੂਫ ਘੇਰਾ (ਸ਼ੀਸ਼ਾ) ਲਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਪਿਛਲੀ ਦੋ ਵਾਰ ਮੋਦੀ ਨੇ ਆਖਰੀ ਸਮੇਂ ‘ਚ ਬੁਲੇਟਪਰੂਫ ਘੇਰੇ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ ਪਰ ਇਸ ਵਾਰ ਘੇਰੇ ਦੇ ਨਾਲ ਹੀ ਉਨ੍ਹਾਂ ਦੇ ਆਸ-ਪਾਸ ਸੁਰੱਖਿਆ ਦੇ ਇੰਤਜ਼ਾਮ ਵੀ ਪਹਿਲਾਂ ਤੋਂ ਵੱਧ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲਾ ਵੀ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਇਸ ਵਾਰ ਸਿਰਫ ਕਸ਼ਮੀਰ ਹਿੰਸਾ ਜਾਂ ਵਧਦੀਆਂ ਘੁਸਪੈਠ ਦੀਆਂ ਘਟਨਾਵਾਂ ਹੀ ਕਾਰਨ ਨਹੀਂ ਹਨ। ਸਗੋਂ ਏਜੰਸੀਆਂ ਦੇ ਹੱਥ ਕੁਝ ਅਜਿਹੀਆਂ ਰਿਕਾਰਡਿੰਗ ਵੀ ਲੱਗੀਆਂ ਹਨ, ਜਿੰਨਾਂ ‘ਚ ਪੀ.ਐਮ. ਦੀ ਸੁਰੱਖਿਆ ‘ਚ ਡਰੋਨ ਹਮਲੇ ਰਾਹੀਂ ਸੇਂਧ ਲਗਾਉਣ ਦੀ ਕੋਸ਼ਿਸ਼ ਦੀ ਚਰਚਾ ਹੈ। ਇਸ ਦੇ ਨਾਲ ਹੀ ਆਈ.ਐਸ. ਦੇ ਵਧਦੇ ਖਤਰੇ ਨੂੰ ਸਮਝਦਿਆਂ ਵੀ ਸੁਰੱਖਿਆ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਗਏ ਹਨ। ਇੱਥੇ 5 ਹਜ਼ਾਰ ਸੁਰੱਖਿਆ ਕਰਮੀ ਪੀ.ਐਮ. ਦੀ ਸੁਰੱਖਿਆ ‘ਚ ਤਾਇਨਾਤ ਰਹਿਣਗੇ।















