ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਲਦੀ ਹੀ ਸਾਰਕ ਦੇਸ਼ਾਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਰਾਜਨਾਥ 3 ਤੇ 4 ਅਗਸਤ ਨੂੰ ਪਾਕਿਸਤਾਨ ਜਾਣਗੇ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਇਸ ਬੈਠਕ ਵਿੱਚ ਸਰਹੱਦ ਪਾਰ ਅੱਤਵਾਦ ਦਾ ਮੁੱਦਾ ਚੁੱਕਣਗੇ।
ਢਾਕਾ ਵਿੱਚ ਨੰਵਬਰ 2005 ਵਿੱਚ ਹੋਈ ਸਾਰਕ ਦੇਸ਼ਾਂ ਦੀ 13ਵੀਂ ਬੈਠਕ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਸਾਰਕ ਦੇ ਅੰਦਰੁਨੀ/ਗ੍ਰਹਿ ਮੰਤਰੀ ਹਰ ਸਾਲ ਬੈਠਕ ਕਰਨਗੇ। ਇਸ ਬੈਠਕ ਦਾ ਮੁੱਦਾ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ, ਜੋ ਸਭ ਦੇ ਲਈ ਇੱਕ ਵੱਡਾ ਖ਼ਤਰਾ ਹੈ।
ਇਸ ਫੈਸਲੇ ਤੋਂ ਬਾਅਦ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਪਹਿਲੀ ਬੈਠਕ 11 ਮਈ, 2006 ਨੂੰ ਢਾਕਾ ਵਿੱਚ ਹੋਈ ਸੀ। ਇਸ ਤੋਂ ਬਾਅਦ 2007 ਵਿੱਚ ਨਵੀਂ ਦਿੱਲੀ ਵਿੱਚ ਇੱਕ ਹੋਰ ਬੈਠਕ ਹੋਈ ਸੀ।















