ਅਕਾਲੀ ਦਲ ਨੂੰ ਕਿਤੇ ਪੁੱਠੀ ਨਾ ਪੈ ਜਾਏ ਕੇਜਰੀਵਾਲ ਦੀ ਪੇਸ਼ੀ

6ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਭੁਗਤਣ ਆ ਰਹੇ ਹਨ। ਇਸ ਪੇਸ਼ ਦੇ ਬਹਾਨੇ ਉਹ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ਵਿੱਚ ਹਨ। ਹੁਣ ਲੱਗ ਰਿਹਾ ਹੈ ਕਿ ਅਕਾਲੀ ਦਲ ਨੂੰ ਕੇਜਰੀਵਾਲ ਦੀ ਪੇਸ਼ੀ ਕਿਤੇ ਪੁੱਠੀ ਹੀ ਨਾ ਪੈ ਜਾਏ।
ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਜਿੱਥੇ ਸ਼ਹਿਰਾਂ ਵਿੱਚ ਬਿਕਰਮ ਮਜੀਠੀਆ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਪੋਸਟਰ ਤੇ ਹੋਰਡਿੰਗ ਲਾਏ ਜਾ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੁਨੇਹੇ ਭੇਜ ਕੇ ਕੱਲ੍ਹ ਸਵੇਰੇ 9 ਵਜੇ ਸਰਕਟ ਹਾਊਸ ਵਿੱਚ ਇਕੱਠੇ ਹੋਣ ਲਈ ਕਿਹਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ‘ ਤੇ ਕੀਤੇ ਜਾ ਰਹੇ ਮੈਸੇਜ ਵਿੱਚ ਲਿਖਿਆ ਗਿਆ ਹੈ ਕਿ “ਅਸੀਂ ਸਾਰੇ ਹਜ਼ਾਰ ਵਾਰ ਕਹਾਂਗੇ ਕਿ ਬਿਕਰਮ ਮਜੀਠੀਆ ਨਸ਼ਿਆਂ ਦਾ ਤਸਕਰ ਹੈ- ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਸਵੇਰੇ ਹੁੰਮ-ਹੁਮਾ ਕੇ ਪਹੁੰਚੋ।” ਇਸ ਮੈਸੇਜ ਤੋਂ ਇਹ ਲੱਗ ਰਿਹਾ ਹੈ ਕਿ ਕੱਲ੍ਹ ਸਵੇਰੇ ਜਦੋਂ ਕੇਜਰੀਵਾਲ ਸਰਕਟ ਹਾਊਸ ਤੋਂ ਅਦਾਲਤ ਲਈ ਜਾਣਗੇ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਵੀ ਜਲੂਸ ਦੀ ਸ਼ਕਲ ਉਨ੍ਹਾਂ ਦੇ ਨਾਲ ਜਾਣਗੇ।
ਇਸ ਤੋਂ ਇਲਾਵਾ ਕੱਲ੍ਹ ਕੇਜਰੀਵਾਲ ਵੱਲੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਮਜੀਠੀਆ ਵੱਲੋਂ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ ਤਾਂ ਮਜੀਠੀਆ ਨੂੰ ਉਨ੍ਹਾਂ ਹਜ਼ਾਰਾਂ ਲੋਕਾਂ ਖਿਲਾਫ ਵੀ ਕੇਸ ਦਰਜ ਕਰਵਾਉਣਾ ਚਾਹੀਦਾ ਹੈ ਜੋ ਲੋਕ ਸ਼ਰੇਆਮ ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਰਹੇ ਹਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਸਟੇਜਾਂ ਤੋਂ ਇਹ ਕਹਿੰਦੇ ਸੁਣਾਈ ਦਿੱਤੇ ਸਨ ਕਿ ਉਨ੍ਹਾਂ ਨੂੰ ਮਜੀਠੀਆ ਵੱਲੋਂ ਕੀਤੇ ਗਏ ਕੇਸ ਦੀ ਕੋਈ ਪ੍ਰਵਾਹ ਨਹੀਂ। ਉਹ ਹਮੇਸ਼ਾਂ ਉਨ੍ਹਾਂ ਨੂੰ ਨਸ਼ਾ ਤਸਕਰ ਵਿੱਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਰਹਿਣਗੇ।
ਕੇਜਰੀਵਾਲ ਕੱਲ੍ਹ ਮਜੀਠੀਆ ਵੱਲੋਂ ਅੰਮ੍ਰਿਤਸਰ ਅਦਾਲਤ ਵਿੱਚ ਦਾਇਰ ਕਰਵਾਏ ਗਏ ਮਾਣਹਾਨੀ ਦੇ ਕੇਸ ਦੀ ਪੇਸ਼ੀ ਭੁਗਤਣ ਲਈ ਆ ਰਹੇ ਹਨ। ਮਜੀਠੀਆ ਵੱਲੋਂ ਉਨ੍ਹਾਂ ਤੋਂ ਇਲਾਵਾ ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਖਿਲਾਫ ਵੀ ਕੇਸ ਕੀਤਾ ਗਿਆ ਹੈ।