ਨਿੰਦਰ ਘੁਗਿਆਣਵੀ ਵਰਧਾ ਯੂਨੀਵਰਸਿਟੀ ‘ਚ ਰੈਜੀਡੈਂਟ ਰਾਈਟਰ ਚੇਅਰ ‘ਤੇ ਨਿਯੁਕਤ

ਚੰਡੀਗੜ੍ਹ: ਮਹਾਂਰਾਸ਼ਟਰ ਦੇ ਵਰਧਾ ‘ਚ ਸਥਾਪਿਤ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਯੂਨੀਵਰਸਿਟੀ ‘ਚ ਪੰਜਾਬੀ ਦੇ ਉਘੇ ਵਾਰਤਕਕਾਰ ਅਤੇ ਸ਼ਰੋਮਣੀ ਪੰਜਾਬੀ ਲੇਖਕ ਅਤੇ ਅਜੀਤ ਵੀਕਲੀ ਦੇ ਲਗਭਗ 20 ਸਾਲਾਂ ਤੋਂ ਰੈਗੂਲਰ ਕਾਲਮਨਵੀਸ ਲੇਖਕ ਨਿੰਦਰ ਘੁਗਿਆਣਵੀ ਨੂੰ ਰੈਜੀਡੈਂਟ ਐਂਡ ਰਾਈਟਰ ਚੇਅਰ ਲਈ (ਵਿਜ਼ਟਿੰਗ ਪ੍ਰੋਫ਼ੈਸਰ) ਨਿਯੁਕਤ ਕੀਤਾ ਗਿਆ ਹੈ। ਯੂਨੀਵਰਸਿਟੀ ਵਲੋਂ ਇਹ ਮਾਣ ਪਹਿਲੀ ਵਾਰ ਇਸ ਚੇਅਰ ਲਈ ਕਿਸੇ ਪੰਜਾਬੀ ਲੇਖਕ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਸਿਟੀ ਦੇ ਰਜਿਸਟਰਾਰ ਡਾ. ਨਵਾਬ ਕਾਦਰ ਖ਼ਾਨ ਨੇ ਦੱਸਿਆ ਕਿ ਨਿੰਦਰ ਘੁਗਿਆਣਵੀ ਯੂਨੀਵਰਸਿਟੀ ਰਹਿੰਦਿਆਂ ਸਾਹਿਤ ਅਤੇ ਕਲਾ ਬਾਰੇ ਦੋ ਕਿਤਾਬਾਂ ਲਿਖਣ ਦੇ ਨਾਲ ਨਾਲ ਹਿੰਦੀ ਸਾਹਿਤ ਵਿਭਾਗ, ਪੱਤਰਕਾਰਤਾ, ਕਲਾ ਅਤੇ ਸਭਿਆਚਾਰ ਅਤੇ ਪਰਵਾਸੀ ਸਾਹਿਤ ਵਿਭਾਗ ਦੇ ਵਿਦਿਆਰਥੀਆਂ ਲਈ ਲੈਕਚਰ ਵੀ ਦੇਣਗੇ ਅਤੇ ਯੂਨਿਵਰਸਿਟੀ ਵਲੋਂ ਉਨਾਂ ਦੀ ਆਤਮ ਕਥਾ ਹਿੰਦੀ ਪੁਸਤਕ ਮੈਂ ਸਾਂ ਜੱਜ ਦਾ ਅਰਦਲੀ ਅਤੇ ਵੋ ਥਾ ਜੱਟ ਯਮਲਾ ਦਾ ਮਰਾਠੀ ‘ਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕੀਤਾ ਜਾਏਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜਨੀਸ਼ ਕੁਮਾਰ ਸ਼ੁਕਲ ਨੇ ਨਿੰਦਰ ਘੁਗਿਆਣਵੀ ਨੂੰ ਚੇਅਰ ਲਈ ਨਿਯੁਕਤੀ ਪੱਤਰ ਸੌਂਪਦਿਆਂ ਇਸ ਗੱਲ ‘ਤੇ ਖ਼ੁਸ਼ੀ ਪਰਗਟਾਈ ਅਤੇ ਕਿਹਾ ਕਿ ਯੂਨੀਵਰਸਿਟੀ ‘ਚ ਇਨਾਂ ਦੀ ਨਿਯੁਕਤੀ ਹੋਣ ਨਾਲ ਪੰਜਾਬੀ ਭਾਸ਼ਾ ਅਤੇ ਕਲਾ ਨਾਲ ਸਬੰਧਿਤ ਸਰਗਰਮੀਆਂ ਦੀ ਸ਼ੁਰੂਆਤ ਹੋਵੇਗੀ। ਡਾ. ਸ਼ੁਕਲਾ ਨੇ ਆਖਿਆ ਕਿ 47 ਸਾਲ ਦੀ ਉਮਰ ‘ਚ 57 ਪੁਸਤਕਾਂ ਦੇ ਰਚਣਹਾਰੇ ਲੇਖਕ ਦੀਆਂ ਸਾਹਿਤਕ ਕਿਰਤਾਂ ਪ੍ਰਕਾਸ਼ਿਤ ਕਰਨਾ ਯੂਨਿਵਰਸਿਟੀ ਵਾਸਤੇ ਇੱਕ ਮਾਣ ਦੀ ਗੱਲ ਹੋਵੇਗੀ। ਵਰਨਣਯੋਗ ਹੈ ਕਿ ਸਮੇਂ ਸਮੇਂ ਇਸ ਚੇਅਰ ‘ਤੇ ਹਿੰਦੀ ਦੇ 20 ਤੋਂ ਵਧ ਲੇਖਕ ਨਿਯੁਕਤ ਰਹੇ ਜਿੰਨਾ ‘ਚ ਉਘੇ ਨਾਟਕਕਾਰ ਪਦਮ ਵਿਭੂਸ਼ਣ ਹਬੀਬ ਤਨਵੀਰ ਵੀ ਸ਼ਾਮਿਲ ਹਨ। ਨਿੰਦਰ ਘੁਗਿਆਣਵੀ ਦੀ ਇਸ ਨਿਯੁਕਤੀ ਨਾਲ ਪੰਜਾਬੀ ਭਾਸ਼ਾ ਦਾ ਮਰਾਠੀ ਲੋਕਾਂ ‘ਚ ਲਾਗਾ-ਦੇਗਾ ਵਧੇਗਾ।