ਜਦੋਂ ਨਾਕਾਬੰਦੀ ਦੌਰਾਨ ਪੁਲਸ ਨੇ ਕੀਤੀ ਸ਼ੱਕੀ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਤਾਂ…

8ਮਾਂਟਰੀਆਲ :  ਮੰਗਲਵਾਰ ਨੂੰ ਪੱਛਮੀ ਮਾਂਟਰੀਆਲ ‘ਚ ਪੁਲਸ ਅਫਸਰਾਂ ਵਲੋਂ ਗੋਲੀ ਚਲਾ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਕਤ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦੀ ਹਾਲਤ ਫਿਲਹਾਲ ਸਥਿਰ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਬੁਲਾਰੇ ਇੰਗ੍ਰਿਡ ਐਸੇਲਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਈਵੇਅ 20 ‘ਤੇ ਡਿਊਟੀ ਦੌਰਾਨ ਜਦੋਂ ਪੁਲਸ ਅਫਸਰਾਂ ਨੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ, ਕਾਰ ਨੂੰ ਰੋਕਣ ਦੀ ਬਜਾਇ ਇਸ ਨੂੰ ਤੇਜ਼ ਰਫ਼ਤਾਰ ਨਾਲ ਦੌੜਾ ਕੇ ਲੈ ਗਿਆ। ਇਸ ਤੋਂ ਬਾਅਦ ਜਦੋਂ ਪੁਲਸ ਅਫਸਰਾਂ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਕਾਰ ਵੁੱਡਰੋਇਲ ਡੋਰੀਅਨ ‘ਚ ਪੁਲਸ ਸਟੇਸ਼ਨ ਦੇ ਪਾਰਕਿੰਗ ਏਰੀਏ ‘ਚ ਰੋਕ ਲਈ। ਐਸੇਲਿਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਵਿਅਕਤੀ ਆਪਣੀ ਕਾਰ ‘ਚੋਂ ਬਾਹਰ ਆਇਆ ਅਤੇ ਉਸ ਦੇ ਹੱਥ ‘ਚ ਇੱਕ ਬੰਦੂਕ ਸੀ, ਜਿਹੜੀ ਕਿ ਉਸ ਨੇ ਮੌਕੇ ‘ਤੇ ਮੌਜੂਦ ਪੁਲਸ ਅਫਸਰਾਂ ‘ਤੇ ਤਾਣ ਦਿੱਤੀ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਆਪਣੇ ਬਚਾਅ ਲਈ ਪੁਲਸ ਅਫਸਰਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਕਤ ਵਿਅਕਤੀ ਜ਼ਖ਼ਮੀ ਹੋ ਗਿਆ। ਐਸੇਲਿਨ ਨੇ ਦੱਸਿਆ ਕਿ ਇਸ ਘਟਨਾ ‘ਚ ਕੋਈ ਵੀ ਪੁਲਸ ਅਫਸਰ ਜ਼ਖ਼ਮੀ ਨਹੀਂ ਹੋਇਆ ਹੈ। ਐਸੇਲਿਨ ਮੁਤਾਬਕ ਉਕਤ ਵਿਅਕਤੀ ਜਿਹੜੀ ਕਾਰ ਚਲਾ ਰਿਹਾ ਸੀ, ਉਹ ਚੋਰੀ ਦੀ ਸੀ।