ਵਰਕਰਾਂ ਨੂੰ ਮਜ਼ਾਕੀਆ ਲਹਿਜ਼ੇ ’ਚ ਬੋਲੇ ਸੁਖਬੀਰ ਬਾਦਲ, ਜੇ ਅਗਲੀ ਵਾਰ ਵੀ ਕਿਸੇ ਹੋਰ ਪਾਰਟੀ ਦੀ ਸਰਕਾਰ ਆਈ ਤਾਂ….

ਮਲੋਟ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਅਤੇ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਪਾਰਟੀ ਦੀ ਕਾਨਫਰੰਸ ਦੀ ਤਿਆਰੀ ਲਈ ਹਲਕਾ ਲੰਬੀ ਦੇ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪਿੰਡ ਗੱਗੜ ਵਿਖੇ ਵਰਕਰ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ’ਤੇ ਕਮੇਟੀਆਂ ਬਣਾਈਆਂ ਜਾਣ, ਜਿਸ ਵਿਚ ਇਕ ਐੱਸ. ਸੀ. , ਇਕ ਬੀ. ਸੀ. ਅਤੇ ਇਕ ਔਰਤ ਮੈਂਬਰ ਸ਼ਾਮਲ ਕੀਤੀ ਜਾਵੇ ਅਤੇ ਬੂਥ ਪੱਧਰ ਦਾ ਇਕ ਪ੍ਰਧਾਨ ਬਣਾਇਆ ਜਾਵੇ, ਜਿਸ ਦੀ ਸੰਗਠਨ ਦੀ ਜ਼ਿੰਮੇਵਾਰੀ ਹੋਵੇਗੀ। ਉਹ ਸਾਡੇ ਨਾਲ ਪਾਰਟੀ ਦੇ ਕੰਮ-ਧੰਦਿਆਂ ਨੂੰ ਲੈ ਕੇ ਤਾਲਮੇਲ ਰੱਖੇਗਾ।
ਉਨ੍ਹਾਂ ਕਿਹਾ ਪਾਰਟੀ ਨੂੰ ਹੁਣ ਤੋਂ ਹੀ ਮਜ਼ਬੂਤ ਕੀਤਾ ਜਾਵੇ ਤਾਂ ਜੋ ਅਗਲੇ ਪਾਰਲੀਮੈਂਟ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਜਾ ਸਕੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਮਾਘੀ ਮੇਲੇ ਦੀ ਕਾਨਫਰੰਸ ਵਿਚ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਇਸ ਮੌਕੇ ਵਰਕਰਾਂ ਨਾਲ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਵਿਖੇ ਹੋਈ ਹਾਰ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਘੱਟ ਸਮੇਂ ਵਿਚ ਪੰਜਾਬ ਵਾਸੀਆਂ ਦਾ ਬੁਰਾ ਹਾਲ ਹੈ, 4 ਸਾਲ ਪਤਾ ਨਹੀਂ ਕਿਵੇਂ ਨਿਕਲਣਗੇ। ਵਰਕਰਾਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ। ਇਸ ਦੌਰਾਨ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਜੇ ਅਗਲੀ ਵਾਰੀ ਫਿਰ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਗਈ ਤਾਂ ਫਿਰ ਮੈਂ ਤਾਂ ਭੱਜ ਜਾਵਾਂਗਾ।