ਅਦਾਕਾਰਾ ਸਾਰਾ ਅਲੀ ਖ਼ਾਨ ਨੇ ਐਮੇਜ਼ੌਨ ਦੀ ਫ਼ਿਲਮ ਐ ਵਤਨ ਮੇਰੇ ਵਤਨ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫ਼ਿਲਮ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਜੋ ਦਰਾਬ ਫ਼ਾਰੂਕੀ ਅਤੇ ਕੰਨਨ ਅਈਅਰ ਵਲੋਂ ਲਿਖੀ ਗਈ ਹੈ। ਫ਼ਿਲਮ ਦਾ ਨਿਰਦੇਸ਼ਨ ਵੀ ਕੰਨਨ ਅਈਅਰ ਵਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਰਾ ਅਲੀ ਖ਼ਾਨ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਮੌਕੇ ਕੱਟੇ ਕੇਕ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਦਿੱਤੀ। ਇਸ ਤਸਵੀਰ ਨਾਲ ਅਦਾਕਾਰਾ ਨੇ ਲਿਖਿਆ ਹੈ, ”ਐ ਵਤਨ ਮੇਰੇ ਵਤਨ ਸ਼ੂਟਿੰਗ ਮੁਕੰਮਲ।” ਇਸ ਫ਼ਿਲਮ ‘ਚ ਅਦਾਕਾਰਾ ਨੇ ਆਜ਼ਾਦੀ ਦੀ ਲੜਾਈ ਲੜਨ ਵਾਲੀ ਬਹਾਦਰ ਤੇ ਸ਼ੇਰਦਿਲ ਸ਼ਖ਼ਸੀਅਤ ਦਾ ਕਿਰਦਾਰ ਨਿਭਾਇਆ ਹੈ, ਜਿਸ ਨੇ 1942 ‘ਚ ਚਲਾਈ ਗਈ ਭਾਰਤ ਛੱਡੋ ਮੁਹਿੰਮ ‘ਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਤੇ ਅਪੂਰਵਾ ਮਹਿਤਾ ਵਲੋਂ ਕੀਤਾ ਜਾ ਰਿਹਾ ਹੈ ਅਤੇ ਸੋਮੇਨ ਮਿਸ਼ਰਾ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹਨ।
ਖ਼ੁਫ਼ੀਆ ਏਜੰਟ ਬਣ ਦੇਸ਼ ਦੀ ਰੱਖਿਆ ਕਰਨਗੇ ਸਿਧਾਰਥ ਮਲਹੋਤਰਾ
ਸਿਧਾਰਥ ਮਲਹੋਤਰਾ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ਮਿਸ਼ਨ ਮਜਨੂ ਦਾ ਇੱਕ ਜ਼ਬਰਦਸਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਾਂਤਨੂ ਬਾਗਚੀ ਨੇ ਕੀਤਾ ਹੈ। ਇਹ ਫ਼ਿਲਮ 20 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ ਜਿਸ ‘ਚ ਸਿਧਾਰਥ ਇਕ ਰਾਅ ਏਜੰਟ ਦੀ ਭੂਮਿਕਾ ਨਿਭਾਵੇਗਾ।
ਟੀਜ਼ਰ ‘ਚ ਸਿਧਾਰਥ ਪਾਕਿਸਤਾਨ ‘ਚ ਹੀ ਰਹਿ ਰਿਹਾ ਇੱਕ ਭਾਰਤੀ ਜਾਸੂਸ ਬਣਿਆ ਦਿਖਾਈ ਦੇ ਰਿਹੈ ਜੋ ਦੇਸ਼ ਲਈ ਕੁਝ ਵੀ ਕਰਨ ਲਈ ਤਿਆਰ ਹੈ। ਉਥੇ ਰਸ਼ਮਿਕਾ ਮੰਦਾਨਾ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗੀ।
ਇੱਕ ਸੀਨ ‘ਚ ਅਦਾਕਾਰਾ ਵਿਆਹ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਇਹ ਉਸ ਦੀ ਦੂਜੀ ਬੌਲੀਵੁਡ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਗੁਡਬਾਏ ‘ਚ ਨਜ਼ਰ ਆਈ ਸੀ।
ਸ਼ਾਂਤਨੂ ਬਾਗਚੀ ਵਲੋਂ ਨਿਰਦੇਸ਼ਿਤ 1970 ਦੇ ਦਹਾਕੇ ਦੇ ਸਮੇਂ ‘ਤੇ ਬਣੀ ਮਿਸ਼ਨ ਮਜਨੂ ‘ਚ ਸਿਧਾਰਥ ਇਕ ਭਾਰਤੀ ਖ਼ੁਫ਼ੀਆ ਏਜੰਟ ਬਣਿਆ ਹੋਇਐ ਜੋ ਪਾਕਿਸਤਾਨੀ ਧਰਤੀ ‘ਤੇ ਇਕ ਸੀਕ੍ਰੇਟ ਔਪ੍ਰੇਸ਼ਨ ਨੂੰ ਲੀਡ ਕਰ ਰਿਹਾ ਹੈ।
ਫ਼ਿਲਮ 20 ਜਨਵਰੀ 2023 ਨੂੰ OTT ਪਲੈਟਫ਼ੌਰਮ ਨੈੱਟਫ਼ਲਿਕਸ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਸਿਧਾਰਥ ਅਤੇ ਰਸ਼ਮਿਕਾ ਤੋਂ ਇਲਾਵਾ ਕੁਮੁਦ ਮਿਸ਼ਰਾ, ਪਰਮੀਤ ਸੇਠੀ, ਸ਼ਾਰਿਬ ਹਾਸ਼ਮੀ, ਮੀਰ ਸਰਵਰ ਅਤੇ ਜ਼ਾਕਿਰ ਹੁਸੈਨ ਵੀ ਹਨ।











