ਪਾਬੰਦੀਆਂ ’ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ, ਹੋਸਟਲ ਜੇਲ੍ਹ ਨਹੀਂ ਹਨ, ਨਵੇਂ ਹੁਕਮਾਂ ਨੂੰ ਮੰਨਣ ਸਾਰੇ ਮੈਡੀਕਲ ਕਾਲਜ

ਤਿਰੂਵਨੰਤਪੁਰਮ- ਕੇਰਲ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਹੋਸਟਲ ਜੇਲ੍ਹ ਨਹੀਂ ਹਨ ਅਤੇ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਸਰਕਾਰ ਦੇ ਨਵੇਂ ਹੁਕਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਵਿਦਿਆਰਥਣਾਂ ਲਈ ਰੁਕਾਵਟਾਂ ਦੂਰ ਹੋ ਗਈਆਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਨੂੰ ਬਰਾਬਰ ਸੰਵਿਧਾਨਕ ਅਧਿਕਾਰ ਹਨ ਅਤੇ ਹੋਸਟਲਾਂ ’ਚ ਵੀ ਮੁੰਡਿਆਂ ਅਤੇ ਕੁੜੀਆਂ ਲਈ ਸਾਰੇ ਨਿਯਮ ਅਤੇ ਕਾਨੂੰਨ ਇਕੋ-ਜਿਹੇ ਹੋਣਗੇ।
ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਦੀਆਂ ਵਿਦਿਆਰਥਣਾਂ ਨੇ ਪਿਛਲੇ ਮਹੀਨੇ ਉੱਚ ਸਿੱਖਿਆ ਵਿਭਾਗ ਵਲੋਂ ਰਾਤ 9.30 ਵਜੇ ਹੋਸਟਲ ਤੋਂ ਬਾਹਰ ਜਾਣ ’ਤੇ ਰੋਕ ਲਗਾਉਣ ਵਾਲੇ ਨੋਟੀਫਿਕੇਸ਼ਨ ’ਤੇ ਸਵਾਲ ਉਠਾਉਂਦੇ ਹੋਏ, ਅਦਾਲਤ ਦਾ ਰੁਖ ਕੀਤਾ। ਉਨ੍ਹਾਂ ਕਿਹਾ ਕਿ ਰਾਤ 9.30 ਵਜੇ ਤੋਂ ਬਾਅਦ ਵਿਦਿਆਰਥਣਾਂ ਲਈ ਕਰਫਿਊ ਲਗਾ ਦਿੱਤਾ ਗਿਆ ਜਦਕਿ ਮੁੰਡਿਆਂ ਲਈ ਕੋਈ ਪਾਬੰਦੀ ਨਹੀਂ ਸੀ। ਜਸਟਿਸ ਦੇਵਨ ਰਾਮਚੰਦਰਨ ਨੇ ਕਿਹਾ ਕਿ ਕੁੜੀਆਂ ਦੇ ਸੰਵਿਧਾਨਕ ਅਧਿਕਾਰ ਹਨ। ਉਨ੍ਹਾਂ ’ਤੇ ਅਜਿਹੀ ਪੱਖਪਾਤੀ ਪਾਬੰਦੀ ਨਹੀਂ ਲਗਾਈ ਜਾ ਸਕਦੀ। ਅਦਾਲਤ ਨੇ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਰਕਾਰ ਵਲੋਂ 6 ਦਸੰਬਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ, ਜਿਸ ’ਚ ਕੁਝ ਮੌਜੂਦਾ ਨਿਯਮਾਂ ’ਚ ਢਿੱਲ ਦਿੱਤੀ ਗਈ ਸੀ ਅਤੇ ਵਿਦਿਆਰਥਣਾਂ ਨੂੰ ਘੱਟੋ-ਘੱਟ ਸ਼ਰਤਾਂ ਦੇ ਅਧੀਨ ਨਿਰਧਾਰਤ ਸਮੇਂ ਤੋਂ ਬਾਅਦ ਹੋਸਟਲਾਂ ’ਚ ਦਾਖ਼ਲ ਹੋਣ ਦੀ ਕਾਫ਼ੀ ਛੋਟ ਦਿੱਤੀ ਗਈ ਸੀ।