ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਮੰਗਲਵਾਰ ਨੂੰ ਇਕ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ, ਜਿਸ ‘ਚ ਇਕ ਕਸ਼ਮੀਰੀ ਪੰਡਿਤ ਦਾ ਕਾਤਲ ਵੀ ਸ਼ਾਮਲ ਹੈ। ਸੰਯੁਕਤ ਫ਼ੋਰਸਾਂ ਨੂੰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਸ਼ੋਪੀਆਂ ਦੇ ਮੁੰਝ ਮਾਰਗ ਇਲਾਕੇ ‘ਚ ਇਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਇਕ ਸੁਰੱਖਿਆ ਅਧਿਕਾਰੀ ਨੇ ਕਿਹਾ,”ਜਦੋਂ ਇਲਾਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਸੀ, ਉਸੇ ਸਮੇਂ ਉੱਥੇ ਲੁੱਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦਾ ਸੁਰੱਖਿਆ ਫ਼ੋਰਸਾਂ ਨੇ ਮੂੰਹ ਤੋੜ ਜਵਾਬ ਦਿੱਤਾ। ਮੁਕਾਬਲੇ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਮਾਰੇ ਗਏ।” ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਮਾਰੇ ਗਏ ਦੋਹਾਂ ਲੋਕਾਂ ਦੀ ਪਛਾਣ ਸ਼ੋਪੀਆਂ ਦੇ ਲਤੀਫ਼ ਲੋਨ ਅਤੇ ਅਨੰਤਨਾਗ ਦੇ ਉਮੈਰ ਨਜ਼ੀਰ ਵਜੋਂ ਕੀਤੀ ਗਈ। ਕੁਮਾਰ ਨੇ ਕਿਹਾ,”ਲਤੀਫ ਲੋਨ ਇਕ ਕਸ਼ਮੀਰੀ ਪੰਡਿਤ ਸ਼੍ਰੀ ਪੁਰਾਣ ਕ੍ਰਿਸ਼ਨ ਭਟ ਦੇ ਕਤਲ ‘ਚ ਸ਼ਾਮਲ ਸੀ ਅਤੇ ਉਮਰ ਨਜ਼ੀਰ ਨੇਪਾਲ ਦੇ ਬਹਾਦਰ ਥਾਪਾ ਦੇ ਕਤਲ ਦੇ ਪਿੱਛੇ ਸੀ।” ਉਨ੍ਹਾਂ ਕਿਹਾ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ.ਕੇ.47 ਰਾਈਫ਼ਲ ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ।















