ਬੌਲੀਵੁਡ ਅਭਿਨੇਤਾ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਕੈਟ ਕਾਰਨ ਸੁਰਖ਼ੀਆਂ ‘ਚ ਹੈ। ਰਣਦੀਪ ਜੋ ਵੀ ਕਿਰਦਾਰ ਨਿਭਾਉਂਦਾ ਹੈ, ਉਸ ‘ਚ ਪੂਰੀ ਤਰ੍ਹਾਂ ਉਤਰ ਜਾਂਦਾ ਹੈ। ਇਹ ਸੀਰੀਜ਼ 9 ਦਸੰਬਰ ਨੂੰ ਨੈੱਟਫ਼ਲਿਕਸ ‘ਤੇ ਰਿਲੀਜ਼ ਹੋ ਚੁੱਕੀ ਹੈ। ਬਲਵਿੰਦਰ ਸਿੰਘ ਜੰਜੂਆ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ‘ਚ ਰਣਦੀਪ ਪੁਲੀਸ ਦੇ ਇੱਕ ਮੁਖਬਰ ਗੁਰਨਾਮ ਸਿੰਘ ਦੀ ਭੂਮਿਕਾ ‘ਚ ਨਜ਼ਰ ਆਏਗਾ। ਕੈਟ ‘ਚ ਰਣਦੀਪ ਦੇ ਨਾਲ ਸੁਵਿੰਦਰ ਵਿਕੀ, ਮਨੀਸ਼ ਗੁਲਾਟੀ, ਹਸਲੀਨ ਕੌਰ, ਗੀਤਾ ਅਗਰਵਾਲ, ਦਕਸ਼ ਅਜੀਤ ਸਿੰਘ, ਸੁਖਵਿੰਦਰ ਚਹਿਲ, ਕੇ.ਪੀ.ਸਿੰਘ, ਕਾਵਿਆ ਥਾਪਰ, ਦਾਨਿਸ਼ ਸੂਦ ਤੇ ਪ੍ਰਮੋਦ ਪੱਥਲ ਵਰਗੇ ਪੰਜਾਬੀ ਸਿਨੇਮਾ ਦੇ ਦਮਦਾਰ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ‘ਚ ਬਣੀ ਇਸ ਸੀਰੀਜ਼ ਨੂੰ ਨੈੱਟਫ਼ਲਿਕਸ ‘ਤੇ ਹਿੰਦੀ ਤੇ ਅੰਗਰੇਜ਼ੀ ‘ਚ ਰਿਲੀਜ਼ ਕੀਤਾ ਜਾਵੇਗਾ। ਵੈੱਬ ਸੀਰੀਜ਼ ‘ਤੇ ਰਣਦੀਪ ਹੁੱਡਾ ਤੇ ਬਲਵਿੰਦਰ ਸਿੰਘ ਜੰਜੂਆ ਨੇ ਇੱਕ ਖਾਸ ਗੱਲਬਾਤ ਕੀਤੀ।
ਤੁਸੀਂ ਸਿੱਖ ਦਾ ਕਿਰਦਾਰ ਨਿਭਾਅ ਰਹੇ ਹੋ। ਇਹ ਸਫ਼ਰ ਅਤੇ ਪੰਜਾਬ ਨਾਲ ਤੁਹਾਡਾ ਕੋਨੈਕਸ਼ਨ ਕਿਹੋ ਜਿਹਾ ਰਿਹਾ?
– ਪੰਜਾਬ ‘ਚ ਪਰਸਨਲ ਲੈਵਲ ‘ਤੇ ਆਉਣਾ ਵੀ ਆਪਣੇ-ਆਪ ‘ਚ ਬਹੁਤ ਚੰਗਾ ਲੱਗਦਾ ਹੈ। ਇੱਥੋਂ ਦਾ ਖਾਣਾ, ਹਵਾ, ਲੋਕ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਚੰਗੇ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਜਦੋਂ ਇੰਨੀਆਂ ਸਾਰੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਹਨ ਤਾਂ ਇਹ ਸਭ ਮੈਨੂੰ ਹੀ ਨਹੀਂ, ਸਾਰਿਆਂ ਨੂੰ ਚੰਗਾ ਲੱਗਦਾ ਹੈ। ਖ਼ਾਸ ਤੌਰ ‘ਤੇ ਜਦੋਂ ਤੁਸੀਂ ਇੰਨੀ ਚੰਗੀ ਸਕ੍ਰਿਪਟ ਅਤੇ ਇੰਨੇ ਚੰਗੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਤਾਂ ਮਜ਼ਾ ਦੁੱਗਣਾ ਹੋ ਜਾਂਦਾ ਹੈ। ਮੇਰਾ ਇਸ ਫ਼ਿਲਮ ਤੇ ਪੰਜਾਬ ਨਾਲ ਤਜਰਬਾ ਚੰਗਾ ਰਿਹਾ।”
ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਸਿੱਖ ਦਾ ਕਿਰਦਾਰ ਨਿਭਾਅ ਚੁੱਕੇ ਹਨ। ਇਸ ‘ਚ ਕੀ ਖ਼ਾਸ ਹੈ?
– ਅਸਲ ‘ਚ ਹਿੰਦੀ ਸਿਨੇਮਾ ‘ਚ ਸਿੱਖਾਂ ਦੀ ਜੋ ਇਮੇਜ ਵਿਖਾਈ ਜਾਂਦੀ ਹੈ, ਉਹ ਉਸ ਤਰ੍ਹਾਂ ਦੇ ਨਹੀਂ। ਸਿੱਖ ਦਾ ਅਸਲ ਮਤਲਬ ਹਮੇਸ਼ਾ ਸਿਖਦੇ ਰਹਿਣਾ ਹੁੰਦਾ ਹੈ, ਜੋ ਮੈਂ ਮੰਨਦਾ ਹਾਂ। ਨਾਲ ਹੀ ਇਨ੍ਹਾਂ ਦੀ ਇੱਕ ਸੌਫ਼ਟ ਰੋਮੈਂਟਿਕ ਦਿਲਦਾਰ ਸਾਈਡ ਹੈ ਜਿਸ ਨੂੰ ਵਿਖਾਉਣ ਦੀ ਲੋੜ ਹੈ। ਸਿੱਖਾਂ ਦੀ ਇਮੇਜ ਖ਼ਰਾਬ ਕਰਨ ‘ਚ ਫ਼ਿਲਮਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਜਦੋਂ ਇਸ ਕਰੈਕਟਰ ‘ਤੇ ਕੰਮ ਕਰ ਰਹੇ ਸੀ ਤਾਂ ਅਸੀਂ ਸੋਚਿਆ ਕਿ ਅਸੀਂ ਅਜਿਹੇ ਸਿੱਖ ਨੂੰ ਵਿਖਾਉਣਾ ਹੈ ਜਿਸ ਨੂੰ ਪਹਿਲਾਂ ਕਦੇ ਨਹੀਂ ਵਿਖਾਇਆ ਗਿਆ। ਅਸੀਂ ਇਸ ਸੀਰੀਜ਼ ‘ਚ ਉਹ ਪੰਜਾਬ ਵਿਖਾਇਆ ਹੈ ਜਿਸ ‘ਤੇ ਪਹਿਲਾਂ ਕੋਈ ਫ਼ਿਲਮ ਨਹੀਂ ਬਣੀ। ਇਹ ਇੱਕ ਅਜਿਹਾ ਧਰਮ ਹੈ ਜੋ ਸਾਰਿਆਂ ਨੂੰ ਜੋੜਦਾ ਹੈ। ਨਿੱਜੀ ਪੱਧਰ ‘ਤੇ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਗੋਲਡਨ ਟੈਂਪਲ ਇੱਕ ਅਜਿਹੀ ਧਾਰਮਿਕ ਜਗ੍ਹਾ ਹੈ ਜਿੱਥੇ ਜਾ ਕੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ।”
ਪ੍ਰੋਮੋ ‘ਚ ਇੱਕ ਲੇਡੀ ਪੁਲੀਸ ਅਫ਼ਸਰ ਤੁਹਾਨੂੰ ਸੁਚੇਤ ਕਰਦੀ ਨਜ਼ਰ ਆ ਰਹੀ ਹੈ ਕਿ ਤੁਹਾਡੇ ਭਰਾ ਦਾ ਕੇਸ ਬਹੁਤ ਵੱਡਾ ਹੈ। ਇਸ ‘ਤੇ ਤੁਹਾਡਾ ਕੀ ਕਹਿਣਾ ਹੈ?
– ਇਹ ਇੱਕ ਆਮ ਵਿਅਕਤੀ ਲਈ ਵੱਡੀ ਸਮੱਸਿਆ ਹੈ ਜਿਸ ਦਾ ਅੰਦਾਜ਼ਾ ਸਾਰਿਆਂ ਨੂੰ ਹੈ। ਲੋਕਾਂ ਦੇ ਖ਼ੁਦ ਦੇ ਭਰਾ-ਭੈਣ ਇਸ ‘ਚ ਫ਼ਸਦੇ ਹਨ ਜਿਨ੍ਹਾਂ ਦੇ ਦਰਦ ਨੂੰ ਇਹ ਵੈੱਬ ਸੀਰੀਜ਼ ਅਸਲ ਮਾਅਨਿਆਂ ‘ਚ ਬਿਆਨ ਕਰ ਰਹੀ ਹੈ। ਪੰਜਾਬ ‘ਚ ਤਾਂ ਇਹ ਅੱਜ ਤੋਂ ਨਹੀਂ, ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਹ ਕੋਈ ਸੀਕ੍ਰੇਟ ਨਹੀਂ ਜਿਸ ਨੂੰ ਅਸੀਂ ਸਕ੍ਰੀਨ ‘ਤੇ ਦਿਖਾ ਰਹੇ ਹਾਂ, ਸਾਰਿਆਂ ਨੂੰ ਇਸ ਬਾਰੇ ਪਤਾ ਹੈ। ਅਸੀਂ ਸਰਕਾਰ ਜਾਂ ਕੋਈ ਸੰਸਥਾ ਨਹੀਂ ਜੋ ਇਹ ਸਭ ਬਦਲ ਸਕੀਏ। ਅਸੀਂ ਫ਼ਿਲਮ ਮੇਕਰਜ਼ ਹਾਂ ਜੋ ਇਸ ‘ਤੇ ਫ਼ਿਲਮ ਬਣਾ ਸਕਦੇ ਹਨ। ਹੁਣ ਦਰਸ਼ਕਾਂ ਉੱਪਰ ਹੈ ਕਿ ਉਹ ਇਸ ਮੁੱਦੇ ਨੂੰ ਕਿੰਨੀ ਚੌਕਸੀ ਨਾਲ ਲੈਂਦੇ ਹਨ।
ਆਪਣੀ ਫ਼ਿਟਨੈੱਸ ਬਾਰੇ ਕੀ ਕਹੋਗੇ?
– ਫ਼ਿਟਨੈੱਸ ਤੁਹਾਡੇ ਹੱਥ ‘ਚ ਹੁੰਦੀ ਹੈ। ਆਪਣੀ ਬੌਡੀ ਨੂੰ ਕਰੈਕਟਰ ਮੁਤਾਬਿਕ ਢਾਲਣਾ ਤੁਹਾਡੇ ਆਪਣੇ ਹੱਥਾਂ ‘ਚ ਹੁੰਦਾ ਹੈ ਜਿਵੇਂ ਗੁਰਨਾਮ ਸਿੰਘ ਇੱਕ ਖਾਂਦਾ-ਪੀਂਦਾ ਇਨਸਾਨ ਹੈ ਤਾਂ ਉਸ ਦੀ ਬੌਡੀ ਵੀ ਉਸੇ ਤਰ੍ਹਾਂ ਦੀ ਹੀ ਹੈ।
ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
– ਉਨ੍ਹਾਂ ਲਈ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਐਂਟਰਟੇਨਿੰਗ ਸੀਰੀਜ਼ ਹੈ ਜਿਸ ‘ਚ ਦੋ ਭਰਾਵਾਂ ਦੀ ਕਹਾਣੀ ਬਹੁਤ ਇਮੋਸ਼ਨਜ਼ ਨਾਲ ਵਿਖਾਈ ਗਈ ਹੈ। ਇਸ ਨੂੰ ਵੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਅਸਲ ‘ਚ ਇਹ ਸਮੱਸਿਆ ਕਿੰਨੀ ਵੱਡੀ ਹੈ। ਤੁਸੀਂ ਖ਼ੁਦ ਨੂੰ ਇਸ ਨਾਲ ਰੀਲੇਟ ਕਰ ਸਕੋਗੇ।
ਟਰੇਲਰ ਬਹੁਤ ਦਿਲਚਸਪ ਲੱਗ ਰਿਹਾ ਹੈ। ਸੀਰੀਜ਼ ਨੂੰ ਅਜੇ ਤਕ ਜੋ ਰਿਸਪਾਂਸ ਮਿਲ ਰਿਹਾ ਹੈ, ਉਹ ਕਾਫ਼ੀ ਚੰਗਾ ਹੈ। ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
– ਕੈਟ ਮਤਲਬ ਕਾਊਂਟਰ ਅਗੇਂਸਟ ਟੈਰੋਰਿਜ਼ਮ। ਫ਼ਿਲਮ ਦਾ ਪਲੌਟ ਪੰਜਾਬ ‘ਤੇ ਆਧਾਰਿਤ ਹੈ। ਗੁਰਨਾਮ ਸਿੰਘ, ਜੋ ਕਿ ਇਸ ਸੀਰੀਜ਼ ‘ਚ ਮੇਨ ਕਰੈਕਟਰ ਹੈ, ਦਾ ਕਿਰਦਾਰ ਰਣਦੀਪ ਹੁੱਡਾ ਨੇ ਨਿਭਾਇਆ ਹੈ। ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ‘ਚ ਵਿਖਾਇਆ ਗਿਆ ਹੈ ਕਿ ਉਸ ਨਾਲ ਐਮਰਜੈਂਸੀ ਵੇਲੇ ਕੀ-ਕੀ ਬੀਤਿਆ, ਉਹ ਮੁੜ ਜ਼ਿੰਦਗੀ ‘ਚ ਕਿਵੇਂ ਖੜ੍ਹਾ ਹੁੰਦਾ ਹੈ ਅਤੇ ਅੱਗੇ ਵਧਦਾ ਹੈ।
ਤੁਹਾਨੂੰ ਇਸ ਕਹਾਣੀ ਦਾ ਆਈਡੀਆ ਕਿੱਥੋਂ ਮਿਲਿਆ?
– ਕਹਾਣੀ ਹਮੇਸ਼ਾ ਇਨਸਾਨੀ ਜਜ਼ਬਾਤ ਨੂੰ ਵਿਖਾਉਂਦੀ ਹੈ। ਇਸ ‘ਚ ਇੱਕ ਆਮ ਆਦਮੀ ਤੋਂ ਲੈ ਕੇ ਕਈ ਲੋਕਾਂ ਦੀਆਂ ਯਾਤਰਾਵਾਂ ਨੂੰ ਵਿਖਾਇਆ ਗਿਆ ਹੈ। ਸਾਡਾ ਮੰਨਣਾ ਹੈ ਕਿ ਜੇ ਇੱਕ ਆਮ ਆਦਮੀ ਜਿਸ ਸਮੱਸਿਆ ‘ਚੋਂ ਲੰਘ ਚੁੱਕਾ ਹੈ, ਉਸ ਨੂੰ ਹੂਬਹੂ ਪਰਦੇ ‘ਤੇ ਉਤਾਰੀਏ ਤਾਂ ਉਹੀ ਐਜ਼ ਏ ਰਾਈਟਰ ਸਾਡੇ ਲਈ ਅਸਲ ਕਹਾਣੀ ਹੈ। ਇਹ ਉਸ ਵੇਲੇ ਹੋਰ ਵੀ ਅਹਿਮ ਹੋ ਜਾਂਦਾ ਹੈ ਜਦੋਂ ਤੁਸੀਂ ਲੋਕਾਂ ਨੂੰ ਅਸਲੀਅਤ ‘ਚ ਉਸ ਸਮੱਸਿਆ ਨਾਲ ਜੂਝਦੇ ਹੋਏ ਵੇਖਿਆ ਹੋਵੇ।
ਫ਼ਿਲਮ ਦੀ ਜੋ ਕਹਾਣੀ ਹੈ, ਉਹ ਅੱਜ ਦੇ ਦੌਰ ਦੀ ਨਹੀਂ ਮਤਲਬ ਕੁੱਝ ਸਾਲ ਪਹਿਲਾਂ ਦੀ ਹੈ ਤਾਂ ਉਸ ਨੂੰ ਤੁਸੀਂ ਮੌਜੂਦਾ ਸਮੇਂ ਦੇ ਨਾਲ ਜਿਵੇਂ ਜੋੜਦੇ ਹੋ?
– ਵੇਖੋ ਜਦੋਂ ਵੀ ਕੋਈ ਵੱਡੀ ਘਟਨਾ ਕਿਸੇ ਵੀ ਦੌਰ ‘ਚ ਹੁੰਦੀ ਹੈ ਤਾਂ ਉਸ ਦਾ ਅਸਰ ਆਉਣ ਵਾਲੀ ਪੀੜ੍ਹੀ ਅਤੇ ਆਉਣ ਵਾਲੇ ਸਮੇਂ ਤਕ ਵੀ ਰਹਿੰਦਾ ਹੈ ਜੋ ਸਦੀਆਂ ਤਕ ਚੱਲਦਾ ਹੈ। ਹੁਣ ਵੀ ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਨੇ ਉਹ ਸਮਾਂ ਹੰਢਾਇਆ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਵੀ ਇਸ ਦਾ ਅਸਰ ਪਵੇਗਾ। ਤਾਂ ਅਜਿਹੇ ਇਤਿਹਾਸ ਦਾ ਮੌਜੂਦਾ ਸਮੇਂ ‘ਤੇ ਜ਼ਰੂਰ ਅਸਰ ਪੈਂਦਾ ਹੈ, ਸਾਨੂੰ ਉਨ੍ਹਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਕੀ ਗ਼ਲਤੀਆਂ ਕੀਤੀਆਂ ਜਾਂ ਕੀ ਸਾਨੂੰ ਨਹੀਂ ਸੀ ਕਰਨਾ ਚਾਹੀਦਾ ਜਾਂ ਉਸ ਸਥਿਤੀ ਨੂੰ ਸਾਨੂੰ ਕਿਵੇਂ ਵੇਖਣਾ ਚਾਹੀਦਾ ਸੀ।
ਪੰਜਾਬ ‘ਚ ਲਗਭਗ ਕਿੰਨੀਆਂ ਥਾਵਾਂ ‘ਤੇ ਸ਼ੂਟਿੰਗ ਕੀਤੀ ਗਈ ਅਤੇ ਕਿਨ੍ਹਾਂ ਲੋਕੇਸ਼ਨਜ਼ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ?
– ਅਸੀਂ ਪੰਜਾਬ ਨੂੰ ਆਧਾਰ ਬਣਾ ਕੇ 80 ਤੋਂ 90 ਲੋਕੇਸ਼ਨਜ਼ ‘ਤੇ ਸ਼ੂਟਿੰਗ ਕੀਤੀ, ਖ਼ਾਸ ਤੌਰ ‘ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ‘ਚ ਕਈ ਸੀਨ ਸ਼ੂਟ ਕੀਤੇ ਗਏ। ਇਤਿਹਾਸਕ ਕਿੱਸੇ ਨੂੰ ਵਿਖਾਉਣ ਲਈ ਇੱਕ ਸਪੈਸ਼ਲ ਜਗ੍ਹਾ ‘ਤੇ ਵੀ ਸ਼ੂਟ ਕੀਤਾ।
ਕਰੈਕਟਰ ਮੁਤਾਬਿਕ ਸਟਾਰਕਾਸਟ ਦੀ ਚੋਣ ਕਰਨੀ ਤੁਹਾਡੇ ਲਈ ਕਿੰਨੀ ਚੁਣੌਤੀ ਭਰੀ ਰਹੀ?
– ਮੇਰਾ ਮੰਨਣਾ ਹੈ ਕਿ ਤੁਸੀਂ ਜਿਸ ਮਾਹੌਲ ‘ਤੇ ਫ਼ਿਲਮ ਬਣਾ ਰਹੇ ਹੋ, ਜੇ ਉਸੇ ਮਾਹੌਲ ਦੇ ਲੋਕ ਤੁਹਾਡੀ ਟੀਮ ‘ਚ ਸ਼ਾਮਿਲ ਹੋਣ ਤਾਂ ਕੰਮ ਬਹੁਤ ਮਾਅਨਿਆਂ ‘ਚ ਅਸਲੀ ਲੱਗਦਾ ਹੈ। ਇਸ ਲਈ ਮੈਂ ਜ਼ਿਆਦਾਤਰ ਲੋਕ ਪੰਜਾਬੀ ਮਾਹੌਲ ‘ਚੋਂ ਹੀ ਲਏ ਹਨ ਜਿਨ੍ਹਾਂ ਨੂੰ ਇੱਥੋਂ ਬਾਰੇ ਸਮਝ ਹੋਵੇ ਕਿਉਂਕਿ ਉਨ੍ਹਾਂ ਨੇ ਜ਼ਮੀਨੀ ਹਕੀਕਤ ਵੇਖੀ ਹੁੰਦੀ ਹੈ, ਇਸ ਲਈ ਓਹੀ ਕਿਰਦਾਰ ਨੂੰ ਚੰਗੇ ਢੰਗ ਨਾਲ ਨਿਭਾਉਂਦੇ ਹਨ। ਬਾਕੀ ਵੈੱਬ ਸੀਰੀਜ਼ ‘ਚ ਸਾਰਿਆਂ ਨੇ ਮੇਰੀ ਉਮੀਦ ਮੁਤਾਬਿਕ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ।











