ਪੋਚਵੀਂ ਪੱਗ

kahaniya-300x150ਦਸਵੀਂ ਦਾ ਨਤੀਜਾ ਆਇਆ ਤਾਂ ਉਹ 78 ਫ਼ੀਸਦੀ ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ‘ਤੇ ਰਿਹਾ। ਉਹ ਪਿੰਡ ਵਿੱਚ ਹੀ  ਮਹਿੰਦਰ ਸਿੰਘ ਨਾਲ ਇੱਕ ਮਹੀਨੇ ‘ਤੇ ਸੀਰੀ ਰਲਿਆ ਹੋਇਆ ਸੀ। ਸ਼ਹਿਰ ਦੇ ਕਿਸੇ ਮਹਿੰਗੇ ਸਕੂਲ ਵਿੱਚ ਪੜ੍ਹਦਾ ਮਹਿੰਦਰ ਸਿੰਘ ਦਾ ਪੁੱਤਰ ਦਸਵੀਂ ਵਿੱਚੋਂ ਫ਼ੇਲ੍ਹ ਹੋ ਗਿਆ ਸੀ। ਇਸ ਲਈ ਕਿਸੇ ਨੇ ਵੀ ਚਰਨ ਨੂੰ ਵਧੀਆ ਨੰਬਰਾਂ ਨਾਲ ਪਾਸ ਹੋਣ ਦੀ ਵਧਾਈ ਨਾ ਦਿੱਤੀ। ਚਰਨ ਨੇ ਝੋਨੇ ਦੀ ਲੁਆਈ ਸਮੇਂ ਇੱਕ ਮਹੀਨਾ ਮਹਿੰਦਰ ਸਿੰਘ ਦੇ ਘਰ ਅਤੇ ਖੇਤਾਂ ਵਿੱਚ ਪੂਰੀ ਲਗਨ ਨਾਲ ਕੰਮ ਕੀਤਾ।
ਉਸ ਨਾਲ ਮਹੀਨਾ ਪੂਰਾ ਹੋਣ ਤੋਂ ਬਾਅਦ ਚਰਨ ਨੇ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉਹ ਹਰ ਰੋਜ਼ ਤਿਆਰ ਹੋ ਕੇ ਕਾਲਜ ਜਾਣ ਲੱਗਿਆ। ਕਾਲਜ ਜਾਣ ਨਾਲ ਉਸ ਦੇ ਰਹਿਣ-ਸਹਿਣ ਵਿੱਚ ਬਹੁਤ ਬਦਲਾਅ ਆ ਗਿਆ। ਉਹ ਬਹੁਤ ਸੋਹਣੀ ਪੋਚਵੀਂ ਪੱਗ ਬੰਨ੍ਹਣ ਲੱਗ ਪਿਆ ਸੀ। ਇਸ ਉੱਤੇ ਚਰਨ ਦੀ ਮਾਂ ਅੰਦਰੋ-ਅੰਦਰੀ ਬਹੁਤ ਖ਼ੁਸ਼ ਹੁੰਦੀ ਅਤੇ ਡਰਦੀ ਵੀ ਕਿ ਕਿਤੇ ਮੇਰੇ ਪੁੱਤ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ। ਦਰਅਸਲ, ਉਸ ਦੇ ਮਨ ਅੰਦਰ ਅਮੀਰ ਲੋਕਾਂ ਅਤੇ ਸਮਾਜ ਦੀ ਨਜ਼ਰ ਦਾ ਡਰ ਸੀ ਕਿਉਂਕਿ ਚਰਨ ਦਾ ਪਿਉ ਵੀ ਬਹੁਤ ਸੋਹਣਾ ਸੀ। ਜਦੋਂ ਉਹ ਟੌਰੇ ਵਾਲੀ ਪੱਗ ਬੰਨ੍ਹ ਕੇ ਮੇਲੇ ਜਾਂਦਾ ਤਾਂ ਬਹੁਤ ਸਾਰੇ ਲੋਕ ਉਸ ਦੀ ਇਸ ਸ਼ੌਕੀਨੀ ਤੋਂ ਸੜਦੇ ਸਨ। ਇਸ ਤਰ੍ਹਾਂ ਜ਼ਿਦ ਵਧਦੀ ਗਈ ਅਤੇ ਅਮੀਰੀ ਗ਼ਰੀਬੀ ਦੇ ਪਾੜੇ ਨੇ ਚਰਨ ਦੇ ਪਿਤਾ ਦੀ ਜਾਨ ਲੈ ਲਈ ਸੀ। ਇਸ ਕਰਕੇ ਚਰਨ ਦੀ ਮਾਂ ਉਸ ਦੇ ਜ਼ਿਆਦਾ ਸਮੇਂ ਸ਼ੀਸ਼ੇ ਅੱਗੇ ਖੜ੍ਹੇ ਰਹਿਣ ‘ਤੇ ਟੋਕਦਿਆਂ ਕਹਿੰਦੀ, ”ਪੁੱਤ, ਜ਼ਿਆਦਾ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ। ਕਈ ਵਾਰ ਆਪਣੀ ਹੀ ਨਜ਼ਰ ਲੱਗ ਜਾਂਦੀ ਹੈ।” ਚਰਨ ਮਾਂ ਦੀ ਗੱਲ ਨੂੰ ਹਾਸੇ ਵਿੱਚ ਟਾਲ ਛੱਡਦਾ।
ਕਈ ਦਿਨਾਂ ਬਾਅਦ ਉਹ ਮਹੀਨੇ ਦੇ ਰਹਿੰਦੇ ਆਪਣੇ ਕੁਝ ਪੈਸੇ ਲੈਣ ਲਈ ਮਹਿੰਦਰ ਸਿੰਘ ਦੇ ਘਰ ਗਿਆ। ਮਹਿੰਦਰ ਸਿੰਘ ਨੂੰ ਚਰਨ ਬਾਰੇ ਪਹਿਲਾਂ ਹੀ ਸਭ ਕੁਝ ਪਤਾ ਲੱਗ ਗਿਆ ਸੀ ਕਿ ਉਸ ਨੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈ ਲਿਆ ਹੈ। ਉਹ ਆਪਣੇ ਪੁੱਤਰ ਦੀ ਅਸਫ਼ਲਤਾ ਵਿੱਚ ਜਿਵੇਂ ਚਰਨ ਦੀ ਸਫ਼ਲਤਾ ਦਾ ਹੱਥ ਸਮਝਦਾ ਹੋਵੇ।
ਚਰਨ ਨੇ ਜਾ ਕੇ ਮਹਿੰਦਰ ਸਿੰਘ ਨੂੰ ਕਿਹਾ, ”ਚਾਚਾ ਜੀ, ਸਤਿ ਸ੍ਰੀ ਅਕਾਲ!” ਮਹਿੰਦਰ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਸਗੋਂ ਸੜ ਕੇ ਸੁਆਹ ਹੋ ਗਿਆ। ਮੱਥੇ ‘ਤੇ ਤਿਉੜੀਆਂ ਪਾਉਂਦਿਆਂ ਸਿਰਫ਼ ‘ਹੂੰ’ ਹੀ ਕਿਹਾ। ”ਹਾਂ ਦੱਸ ਬਈ ਕਿਵੇਂ ਆਇਆ?” ਆਪਣਾ ਹਾਅ-ਭਾਵ ਬਦਲਣ ਲਈ ਮਹਿੰਦਰ ਸਿੰਘ ਨੇ ਕਿਹਾ। ”ਚਾਚਾ, ਮੈਂ ਆਪਣੇ ਰਹਿੰਦੇ ਪੈਸੇ ਲੈਣ ਆਇਆ ਸੀ। ਚਾਚਾ, ਮੈਂ ਸ਼ਹਿਰ ਪੜ੍ਹਨ ਲੱਗ ਗਿਆ ਹਾਂ।” ”ਹਾਂ੩ ਹਾਂ੩ ਪਤਾ ਹੈ ਤੂੰ ਪੜ੍ਹਨ ਲੱਗ ਗਿਆ। ਨਾ ਫ਼ਿਰ ਕਿਹੜਾ ਡੀਸੀ ਲੱਗ ਜਾਵੇਂਗਾ। ਇਉਂ ਬਣਾ ਸੰਵਾਰ ਕੇ ਪੋਚ ਕੇ ਪੱਗ ਬੰਨ੍ਹ ਕਾਲਜ ਜਾਣ ਨਾਲ ਕੁਝ ਨਹੀਂ ਹੁੰਦਾ। ਇਸ ਵਾਸਤੇ ਬਹੁਤ ਕੁਝ ਚਾਹੀਦਾ ਹੈ। ਨਾਲੇ ਜਿਸ ਦੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ, ਉਹੀ ਮਿਲਦਾ ਹੈ। ਤੈਨੂੰ ਨਹੀਂ ਪਤਾ ਕਿ ਤੇਰੀ ਕਿਸਮਤ ਵਿੱਚ ਸਾਡੀਆਂ ਹੀ ਖੁਰਲੀਆਂ ਹੂੰਝਣੀਆਂ ਲਿਖੀਆਂ ਹਨ। ਪਹਿਲਾਂ ਤੇਰਾ ਦਾਦਾ ਹੂੰਝਦਾ ਸੀ। ਫ਼ਿਰ ਤੇਰਾ ਬਾਪ੩ ਹੁਣ ਤੇਰੀ ਵਾਰੀ ਹੈ। ਇਸ ਕਰਕੇ ਇਹ ਪੜ੍ਹਾਈ ਛੱਡ। ਚੁੱਪ ਕਰਕੇ ਹੁਣੇ ਤੋਂ ਕੰਮ ‘ਤੇ ਲੱਗ ਜਾ। ਦੇਖ, ਇੱਕ ਮਹੀਨੇ ਵਿੱਚ ਹੀ ਤੂੰ ਸਾਡੇ ਘਰ ਰੋਟੀ ਪਾਣੀ ਖਾ ਕੇ ਕਿੰਨਾ ਸੋਹਣਾ ਅਤੇ ਤਕੜਾ ਹੋ ਗਿਆ ਹੈਂ। ਜਦੋਂ ਤੂੰ ਸਾਡੇ ਨਾਲ ਸੀਰੀ ਰਲਿਆ ਸੀ, ਤੇਰੀ ਬੂਥੀ ਕਿਸੇ ਨੂੰ ਦਿਸਦੀ ਨਹੀਂ ਸੀ। ਹੁਣ ਦੇਖ ਤੇਰਾ ਚਿਹਰਾ ਦਗ-ਦਗ ਕਰਨ ਲੱਗ ਗਿਆ ਹੈ।” ਇਹ ਸਭ ਆਖ ਕੇ ਮਹਿੰਦਰ ਨੇ ਜਿਵੇਂ ਆਪਣੇ ਮੁੰਡੇ ਦੀ ਅਸਫ਼ਲਤਾ ਦਾ ਬਦਲਾ ਲੈ ਲਿਆ ਹੋਵੇ। ਉਸ ਦੇ ਅੰਦਰ ਪਤਾ ਨਹੀਂ ਕਦੋਂ ਤੋਂ ਚਰਨ ਦੀ ਸਫ਼ਲਤਾ ਖਿਲਾਫ਼ ਇਹ ਜ਼ਹਿਰ ਭਰੀ ਹੋਈ ਸੀ ਜੋ ਉਸ ਨੇ ਉਗਲ ਦਿੱਤੀ। ਚਰਨ ਤਾਂ ਜਿਵੇਂ ਭੁੱਲ ਹੀ ਗਿਆ ਸੀ ਕਿ ਉਹ ਕਿਸ ਕੰਮ ਲਈ ਆਇਆ ਸੀ। ਉਸ ਨੇ ਨੀਵੀਂ ਪਾਈ ਖੜ੍ਹੇ ਨੇ  ਆਪਣੀ ਅਧਘਸੀ ਚੱਪਲ ਨਾਲ ਲਕੀਰਾਂ ਮਾਰ-ਮਾਰ ਧਰਤੀ ਮਾਂ ਲਹੂ-ਲੁਹਾਣ ਹੀ ਕਰ ਦਿੱਤੀ ਸੀ। ”ਫ਼ਿਰ ਆ ਕੇ ਲੈ ਜਾਈਂ ਰਹਿੰਦੇ ਪੈਸੇ। ਹਾਲੇ ਆੜ੍ਹਤੀਏ ਨਾਲ ਹਿਸਾਬ ਨਹੀਂ ਕੀਤਾ।” ਮਹਿੰਦਰ ਸਿੰਘ ਦੇ ਇਹ ਸ਼ਬਦ ਸੁਣ ਕੇ ਚਰਨ ਬਿਨਾਂ ਕੁਝ ਆਖੇ ਘਰ ਆ ਗਿਆ।
ਚਰਨ ਨੂੰ ਮਹਿੰਦਰ ਸਿੰਘ ਦੇ ਸ਼ਬਦਾਂ ਨੇ ਜਿਵੇਂ ਹਿਲਾ ਕੇ ਹੀ ਰੱਖ ਦਿੱਤਾ ਸੀ। ਉਹ ਤਾਂ ਪਿੰਡ ਵਿੱਚ ਕੰਮ ਕਰਨ ਨੂੰ ਸ਼ਾਨ ਸਮਝਦਾ ਸੀ ਕਿ ਮਿਹਨਤ ਮਜ਼ਦੂਰੀ ਕਰਕੇ ਪੜ੍ਹ ਲਿਖ ਕੇ ਕੁਝ ਬਣ ਜਾਵਾਂਗਾ ਤਾਂ ਸਾਰਾ ਪਿੰਡ ਮੇਰੇ ‘ਤੇ ਮਾਣ ਕਰੇਗਾ ਕਿ ਗ਼ਰੀਬ ਘਰ ਦਾ ਮੁੰਡਾ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ। ਮਹਿੰਦਰ ਸਿੰਘ ਦੀ ਸੋਚ ਨੇ ਉਸ ਨੂੰ ਇੱਕ ਵਾਰ ਹਿਲਾ ਦਿੱਤਾ ਅਤੇ ਨਾਲ ਹੀ ਉਸ ਨੂੰ ਮਜ਼ਬੂਤੀ ਵੀ ਬਖ਼ਸ਼ ਦਿੱਤੀ। ਉਹ ਆਪਣੇ ਇਰਾਦੇ ਵਿੱਚ ਹੋਰ ਪੱਕਾ ਹੋਣ ਲੱਗਾ। ਉਹ ਜਦੋਂ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਕਰਨ ਜਾਂਦਾ ਜਾਂ ਕਿਸੇ ਵਿਆਹ ਆਦਿ ਵਿੱਚ ਕੰਮ ਕਰਦਾ ਤਾਂ ਉਸ ਦਾ ਮਨ ਹੋਰ ਵੀ ਮਜ਼ਬੂਤ ਹੋ ਜਾਂਦਾ। ਉਸ ਨੂੰ ਉਹ ਦਿਨ ਅਕਸਰ ਯਾਦ ਆਉਂਦੇ ਕਿ ਕਿਸੇ ਦੇ ਵਿਆਹ ਹੋਣਾ ਤਾਂ ਬਾਰਾਤ ਵੱਲੋਂ ਛੱਡੀ ਜੂਠ ਲੋਕ ਉਨ੍ਹਾਂ ਨੂੰ ਦੇ ਦਿੰਦੇ। ਪਹਿਲਾਂ-ਪਹਿਲਾਂ ਤਾਂ ਚਰਨ ਨੂੰ ਇਹ ਸਭ ਬਹੁਤ ਚੰਗਾ ਲੱਗਦਾ, ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ ਤਾਂ ਉਸ ਨੂੰ ਵਿੱਦਿਆ ਦੇ ਤੀਜੇ ਨੇਤਰ ਸਦਕਾ ਸਭ ਕੁਝ ਸਮਝ ਆਉਣ ਲੱਗਾ।
ਉਹ ਆਪਣੀ ਮਾਂ ਨੂੰ ਕਹਿਣ ਲੱਗ ਪਿਆ, ”ਮਾਂ, ਮੈਂ ਤੇਰੇ ਨਾਲ ਵਿਆਹ ਉੱਤੇ ਇੱਕ ਸ਼ਰਤ ‘ਤੇ ਹੀ ਕੰਮ ਕਰਨ ਜਾਵਾਂਗਾ ਕਿ ਆਪਾਂ ਜੂਠ ਨਹੀਂ ਲੈਣੀ।” ”ਨਹੀਂ ਪੁੱਤਰਾ, ਇਹ ਤਾਂ ਪਹਿਲਾਂ ਤੋਂ ਹੀ ਰੀਤ ਚਲੀ ਆਉਂਦੀ ਹੈ। ਆਪਾਂ ਇਸ ਨੂੰ ਕਿਵੇਂ ਬਦਲ ਸਕਦੇ ਹਾਂ!” ਮਾਂ ਚਰਨ ਨੂੰ ਪਿਆਰ ਨਾਲ ਸਮਝਾਉਂਦੀ। ”ਠੀਕ ਮਾਂ, ਆਪਾਂ ਘਰ ਤਾਂ ਲੈ ਆਵਾਂਗੇ, ਪਰ ਆਪਾਂ ਇਸ ਨੂੰ ਖਾਣਾ ਨਹੀਂ। ਤੈਨੂੰ ਮੇਰੀ ਸਹੁੰ ਲੱਗੇ।” ”ਚੰਗਾ ਪੁੱਤਰਾ! ਜਿਵੇਂ ਤੇਰੀ ਮਰਜ਼ੀ।” ਇਸ ਤਰ੍ਹਾਂ ਚਰਨ ਆਪਣੇ ਘਰ ਜੂਠ  ਲੈ ਆਉਂਦਾ ਅਤੇ ਲਿਆ ਕੇ ਡੰਗਰਾਂ ਨੂੰ ਪਾ ਦਿੰਦਾ।
ਹੁਣ ਉਸ ਨੇ ਪਿੰਡ ਵਿੱਚ ਮਜ਼ਦੂਰੀ ਕਰਨੀ ਘੱਟ ਕਰ ਦਿੱਤੀ ਸੀ। ਉਹ ਪਿੰਡ ਵਿੱਚ ਉਨ੍ਹਾਂ ਘਰਾਂ ਵਿੱਚ ਹੀ ਕਦੇ-ਕਦਾਈਂ  ਐਤਵਾਰ ਜਾਂ ਛੁੱਟੀ ਵਾਲੇ ਦਿਨ ਦਿਹਾੜੀ ਲਾਉਣ ਜਾਂਦਾ ਜਿਨ੍ਹਾਂ ਨਾਲ ਉਸ ਦੀ ਮਾਂ ਦੀ ਜ਼ਿਆਦਾ ਨੇੜਤਾ ਸੀ ਜਾਂ ਜੋ ਚਰਨ ਨੂੰ ਜਾਪਦਾ ਸੀ ਕਿ ਇਹ ਬੰਦੇ ਮਹਿੰਦਰ ਸਿੰਘ ਦੀ ਤਰ੍ਹਾਂ ਨਹੀਂ ਸੋਚਦੇ। ਜ਼ਿਆਦਾਤਰ ਚਰਨ ਸ਼ਹਿਰ ਵਿੱਚ ਹੀ ਦਿਹਾੜੀ ਜਾਂਦਾ। ਉਹ ਦਿਹਾੜੀ ਕਰਕੇ ਵੀ ਰਾਤ ਨੂੰ ਦੇਰ ਤਕ ਪੜ੍ਹਦਾ ਰਹਿੰਦਾ। ਹੁਣ ਉਸ ਦਾ ਰੰਗ-ਰੂਪ ਹੋਰ ਵੀ ਨਿਖਰ ਆਇਆ ਸੀ। ਕਈ ਵੱਡੇ ਘਰਾਂ ਦੇ ਲੜਕੇ ਉਸ ਦੇ ਦੋਸਤ ਵੀ ਬਣ ਗਏ ਸਨ ਭਾਵੇਂ ਉਨ੍ਹਾਂ ਦੇ ਮਾਪੇ ਚਰਨ ਦੀ ਮਿਹਨਤ ਅਤੇ ਪੜ੍ਹਾਈ ਤੋਂ ਨਾਖ਼ੁਸ਼ ਸਨ। ਇਸ ਤਰ੍ਹਾਂ ਚਰਨ ਨੇ ਆਪਣੀ ਮਾਂ ਅਤੇ ਆਪਣੀ ਮਿਹਨਤ ਸਦਕਾ ਐੱਮਏ ਕਰ ਲਈ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਵੀ ਕਰ ਲਈ। ਹੁਣ ਉਸ ਨੇ ਆਪਣੀ ਮਾਂ ਨੂੰ ਕਿਸੇ ਦੇ ਵੀ ਘਰ ਕੰਮ ਕਰਨ ਤੋਂ ਪੂਰਨ ਤੌਰ ‘ਤੇ ਰੋਕ ਦਿੱਤਾ। ਇਸ ‘ਤੇ ਮਾਂ ਵੀ ਕਈ ਵਾਰ ਕਹਿੰਦੀ, ”ਪੁੱਤਰਾ! ਕੋਈ ਨਹੀਂ। ਮੇਰੇ ਨੈਣ ਪ੍ਰਾਣ ਅਜੇ ਚਲਦੇ ਨੇ, ਮੈਨੂੰ ਕਿਸੇ ਨਾ ਕਿਸੇ ਦਾ ਹੰਮਾ ਰੱਖ ਲੈਣ ਦਿਆ ਕਰ।”
”ਨਹੀਂ ਮਾਂ, ਮੈਂ ਹੁਣ ਤੈਨੂੰ ਕੰਮ ਨਹੀਂ ਕਰਨ ਦੇਣਾ। ਜਦੋਂ ਆਪਾਂ ਦੋਵਾਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਸੀ, ਮੈਂ ਵੀ ਤੇਰੇ ਨਾਲ ਕੰਮ ਕਰਨ ਜਾਂਦਾ ਸੀ। ਪਰ ਮਾਂ, ਹੁਣ ਤੂੰ ਉਸੇ ਤਰ੍ਹਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰੇਂਗੀ ਤਾਂ ਮੇਰੇ ਤੋਂ ਸਹਿ ਨਹੀਂ ਹੋਣਾ। ਹੁਣ ਤੇਰੀ ਆਰਾਮ ਕਰਨ ਦੀ ਉਮਰ ਹੈ।”  ਚਰਨ ਦੇ ਵਿੱਚਾਰ ਮਾਂ ਨੂੰ ਚੰਗੇ ਲੱਗਦੇ। ਉਹ ਫ਼ਿਰ ਹੌਸਲਾ ਕਰਕੇ ਕਹਿੰਦੀ, ”ਕੋਈ ਨਾ ਪੁੱਤ! ਜਦੋਂ ਤੇਰੀ ਸਰਕਾਰੀ ਨੌਕਰੀ ਲੱਗ ਜਾਊ, ਮੈਂ ਚਿੱਟੇ ਕੱਪੜੇ ਪਾ  ਕੇ ਆਰਾਮ ਨਾਲ ਮੰਜੇ ‘ਤੇ ਬੈਠਿਆ ਕਰਾਂਗੀ।” ਚਰਨ ਨੂੰ ਭਾਵੇਂ ਪ੍ਰਾਈਵੇਟ ਸਕੂਲ ਵਿੱਚ ਤਨਖ਼ਾਹ ਘੱਟ ਹੀ ਮਿਲਦੀ ਸੀ, ਪਰ ਉਸ ਨੇ ਨਾਲ ਟਿਊਸ਼ਨ ਪੜ੍ਹਾਉਣੀ ਵੀ ਸ਼ੁਰੂ ਕਰ ਦਿੱਤੀ। ਉਹ ਨਾਲ ਲੱਗਦੇ ਕਈ ਪਿੰਡਾਂ ਵਿੱਚ ਦੇਰ ਰਾਤ ਤਕ ਟਿਊਸ਼ਨਾਂ ਪੜ੍ਹਾਉਂਦਾ ਰਹਿੰਦਾ। ਇਸ ਨਾਲ ਉਸ ਦੀ ਆਰਥਿਕ ਹਾਲਤ ਕਾਫ਼ੀ ਸੁਧਰ ਗਈ। ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਮਕਾਨ ਵੀ ਬਣਾ ਲਿਆ। ਪਹਿਲੇ ਸਾਲ ਉਸ ਨੇ ਸਾਈਕਲ ‘ਤੇ ਘਰੋ-ਘਰੀ ਜਾ ਕੇ ਟਿਊਸ਼ਨ  ਪੜ੍ਹਾਈ। ਅਗਲੇ ਸਾਲ ਉਸ ਨੇ ਸਕੂਟਰ ਖ਼ਰੀਦ ਲਿਆ। ਇਸ ਨੂੰ ਦੇਖ ਕੇ ਪਿੰਡ ਦੇ ਕਈ ਲੋਕਾਂ ਦੇ ਦਿਲ ਸੜਨ ਲੱਗੇ ਤੇ ਉਹ ਦਿਨ-ਬ-ਦਿਨ ਤਰੱਕੀ ਕਰਦਾ ਗਿਆ।
ਇੱਕ ਦਿਨ ਚਰਨ ਦੇ  ਚਾਚੇ ਦਾ ਆਪਣੇ ਮਾਲਕ ਨਾਲ, ਜਿਸ ਨਾਲ ਉਹ ਸੀਰੀ ਰਲਿਆ ਹੋਇਆ ਸੀ, ਕਿਸੇ ਗੱਲ ਤੋਂ ਰੌਲਾ ਪੈ ਗਿਆ। ਮਾਲਕ ਨੇ ਪੰਚਾਇਤ ਬੁਲਾ ਲਈ। ਚਰਨ ਵੀ ਆਪਣੇ ਚਾਚੇ ਨਾਲ ਪੰਚਾਇਤ ਵਿੱਚ ਚਲਿਆ ਗਿਆ। ਹਰ ਕੋਈ ਉਸ ਦੇ ਚਾਚੇ ਨੂੰ ਝਈਆਂ ਲੈ-ਲੈ ਪਈ ਜਾਵੇ। ਕੋਈ ਵੀ ਉਸ ਦੇ ਚਾਚੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਵਿਹੜੇ ਵੱਲੋਂ ਬਣਿਆ ਪੰਚ ਵੀ ਬੈਠਾ ਧਰਤੀ ਖੁਰਚੀ ਜਾਵੇ। ਜਿਵੇਂ ਉਹ ਪੰਚ ਹੁੰਦਾ ਹੀ ਨਹੀਂ। ਇਹ ਸਭ ਦੇਖ ਕੇ ਚਰਨ ਤੋਂ ਰਿਹਾ ਨਾ ਗਿਆ। ਉਸ ਨੇ ਕਹਿਣਾ ਸ਼ੁਰੂ ਕੀਤਾ,               ”ਸਰਪੰਚ ਸਾਹਿਬ, ਜੇ ਚਾਚੇ ਦੀ ਕੋਈ ਗੱਲ ਹੀ ਨਹੀਂ ਸੁਣੇਗਾ ਤਾਂ ਇਨਸਾਫ਼ ਕਿਸ ਤਰ੍ਹਾਂ ਹੋਵੇਗਾ।” ਇਹ ਸੁਣਦੇ ਸਾਰ ਹੀ ਪੰਚ ਮਹਿੰਦਰ ਸਿੰਘ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਜਿਵੇਂ ਉਹ ਤਾਂ ਪਹਿਲਾਂ ਹੀ ਘਾਤ ਲਗਾਈ ਬੈਠਾ ਹੋਵੇ। ਉਸ ਨੇ ਦਹਾੜਨਾ ਸ਼ੁਰੂ ਕਰ ਦਿੱਤਾ, ”ਉਏ!੿ ਵੱਡਿਆ ਪਾੜ੍ਹਿਆ, ਹੁਣ ਸਾਨੂੰ ਤੁਹਾਡੀਆਂ ਨੀਚ ਜਾਤ ਦੀਆਂ ਸੁਣਨੀਆਂ ਪੈਣਗੀਆਂ੩! ਦੋ ਅੱਖਰ ਕੀ ਪੜ੍ਹ ਗਿਆ, ਸਾਨੂੰ ਹੀ ਮੱਤਾਂ ਦੇਣ ਲੱਗ ਪਿਆ। ਨਾ ਰੋਜ਼ ਜ਼ਨਾਨੀਆਂ ਵਾਂਗ ਤਿਆਰ ਹੋ ਕੇ ਜਾਣ ਨਾਲ ਜਾਂ ਪੋਚਵੀਂ ਪੱਗ ਬੰਨ੍ਹ ਕੇ ਤੂੰ ਹੁਣ ਆਪਣੇ ਆਪ ਨੂੰ ਸਾਡੇ ਨਾਲੋਂ ਉੱਚਾ ਸਮਝਣ ਲੱਗ ਪਿਆ? ਸਾਡੇ ਘਰਾਂ ਵਿੱਚ ਖਾ ਕੇ ਸਾਡੇ ‘ਤੇ ਹੀ ਉਂਗਲੀ ਉਠਾਉਣ ਲੱਗ ਪਿਆ੩!”
ਚਰਨ ਦਾ ਖ਼ੂਨ ਵੀ ਖੌਲ ਉੱਠਿਆ। ਉਸ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, ”ਅੱਜ ਤੋਂ ਬਾਰਾਂ ਸਾਲ ਵੀ ਪਹਿਲਾਂ ਵੀ ਸਾਡੇ ਪ੍ਰਤੀ ਤੇਰੀ ਸੋਚ ਇਹੀ ਸੀ ਅਤੇ ਅੱਜ ਵੀ। ਇਹ ਤੂੰ ਕੀ ਵਾਰ-ਵਾਰ ਪੋਚਵੀਂ ਪੱਗ੩ ਪੋਚਵੀਂ ਪੱਗ ਦੀ ਰਟ ਲਾਈ ਹੈ। ਇਹ ਪੋਚਵੀਂ ਪੱਗ ਬੰਨ੍ਹਣ ਵਾਸਤੇ ਹੀ ਅਸੀਂ ਤੁਹਾਡੀ ਜੂਠ ਖਾਂਦੇ ਰਹੇ, ਤੁਹਾਡੇ ਘਰਾਂ ਦਾ ਗੋਹਾ ਕੂੜਾ ਕਰਦੇ ਰਹੇ। ਅਸੀਂ ਕਦੇ ਤੁਹਾਡੇ ਖਾਣ ਪਹਿਨਣ ‘ਤੇ ਗਿਲ਼ਾ ਨਹੀਂ ਕੀਤਾ੩ ਹੋਰ ਸੁਣ੩ ਇਹ ਪੋਚਵੀਂ ਪੱਗ ਬੰਨ੍ਹਣ ਵਾਸਤੇ ਦਿਨ ਰਾਤ ਇੱਕ ਕਰਨਾ ਪੈਂਦਾ ਹੈ ਤਾਂ ਜਾ ਕੇ ਇਹ ਸਾਡੇ ਵਰਗੇ ਲੋਕਾਂ ਨੂੰ ਨਸੀਬ ਹੁੰਦੀ ਹੈ। ਜੇ ਤੇਰਾ ਵੱਸ ਚੱਲੇ੩ ਤੂੰ ਤਾਂ ਸਾਡੇ ਸਿਰ ‘ਤੇ ਪਰਨਾ ਵੀ ਰਹਿਣ ਨਾ ਦੇਵੇਂ੩। ਉਸ ਨਾਲ ਵੀ ਖੁਰਲੀ ਸਾਫ਼ ਕਰਨ ਨੂੰ ਕਹੇਂ।” ਚਰਨ ਦੀਆਂ ਖਰੀਆਂ-ਖਰੀਆਂ ਸੁਣ ਕੇ ਮਹਿੰਦਰ ਸਿੰਘ ਦਾ ਦਿਮਾਗ਼ ਜਿਵੇਂ ਟਿਕਾਣੇ ਆ ਗਿਆ ਹੋਵੇ। ਚਰਨ ਆਪਣੀ ਪੋਚਵੀਂ ਪੱਗ ‘ਤੇ ਹੱਥ ਫ਼ੇਰ ਰਿਹਾ ਸੀ ਜਿਵੇਂ ਉਸ ਨੇ ਇੱਕ ਜੰਗ ਫ਼ਤਹਿ ਕਰਨ ਵੱਲ ਕਦਮ ਪੁੱਟ ਲਿਆ ਹੋਵੇ।
ਨਾਇਬ ਸਿੰਘ ਬੁੱਕਣਵਾਲ