ਅਜਨਾਲਾ – ਭਾਰਤ-ਪਾਕਿ ਕੌਮਾਂਤਰੀ ਸਰਹੱਦ ਤਹਿਸੀਲ ਅਜਨਾਲਾ ਅਧੀਨ ਆਉਂਦੀ ਬੀ.ਪੀ.ਓ. ਸ਼ਾਹਪੁਰ ਵਿਖੇ ਬੀਤੀ ਰਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ ਨੂੰ ਨਿਸ਼ਾਨਾ ਬਣਾ ਕੇ ਥੱਲੇ ਸੁੱਟ ਦਿੱਤਾ। ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੇ ਪਾਕਿ ਡਰੋਨ ਨੂੰ ਕਬਜ਼ੇ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਤਹਿਸੀਲ ਅਜਨਾਲਾ ਅਧੀਨ ਆਉਂਦੀ ਬੀ.ਪੀ.ਓ. ਸ਼ਾਹਪੁਰ ਵਿਖੇ ਬੀ.ਐੱਸ.ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਨੂੰ ਕਰੀਬ 4.30 ਵਜੇ ਡਰੋਨ ਦੀ ਹਰਕਤ ਹੁੰਦੀ ਸੁਣਾਈ ਦਿੱਤੀ। ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਪਾਕਿ ਡਰੋਨ ਦੀ ਆਵਾਜ਼ ਸੁਣਦੇ ਸਾਰ ਉਸ ’ਤੇ ਫ਼ਾਇਰਿੰਗ ਕਰਨ ਦੇ ਨਾਲ-ਨਾਲ ਕਰੀਬ ਤਿੰਨ ਰੋਸ਼ਨੀ ਬੰਬ ਸੁੱਟ ਦਿੱਤੇ, ਜਿਸ ਨਾਲ ਪਾਕਿ ਡਰੋਨ ਹੇਠਾਂ ਡਿੱਗ ਪਿਆ। ਬੀ.ਐੱਸ.ਐੱਫ. ਦੀ ਇਸ ਕਾਮਯਾਬੀ ਤੋਂ ਬਾਅਦ ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਪੂਰੇ ਇਲਾਕੇ ਨੂੰ ਕਵਰ ਕਰ ਦਿੱਤਾ ਅਤੇ ਸਰਚ ਕਰਨੀ ਸ਼ੁਰੂ ਕਰ ਦਿੱਤੀ।















