ਨਿਮਰਤ ਕੌਰ ਨੇ ਆਪਣੇ ਪਿਤਾ ਦੇ ਬੁੱਤ ਦਾ ਕੀਤਾ ਉਦਘਾਟਨ

ਬੌਲੀਵੁਡ ਅਦਾਕਾਰਾ ਨਿਮਰਤ ਕੌਰ ਨੇ ਬੀਤੇ ਦਿਨੀਂ ਪਟਿਆਲਾ ਰੈਜੀਮੈਂਟ ‘ਚ ਸਥਾਪਿਤ ਕੀਤੇ ਆਪਣੇ ਪਿਤਾ ਮਰਹੂਮ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਗਮ ‘ਚ ਸ਼ਿਰਕਤ ਕੀਤੀ। ਦੇਸ਼ ਲਈ ਦਿੱਤੇ ਯੋਗਦਾਨ ਲਈ ਉਸ ਦੇ ਪਿਤਾ ਦਾ ਕਾਂਸੀ ਦਾ ਬੁੱਤ ਪਟਿਆਲਾ ਵਿੱਚ ਉਨ੍ਹਾਂ ਦੀ ਮੂਲ ਰੈਜੀਮੈਂਟ 64 ਅਸਾਲਟ ਇੰਜਨੀਅਰ ਰੈਜੀਮੈਂਟ ਦੇ ਹੈਰੀਟੇਜ ਹਾਲ ਵਿੱਚ ਸਥਾਪਿਤ ਕੀਤਾ ਗਿਆ ਹੈ। ਨਿਮਰਤ ਦੇ ਪਿਤਾ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਨਿਮਰਤ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਉਸ ਦੇ ਪਿਤਾ ਦੇ ਮਾਣ ‘ਚ ਇੱਕ ਸਮਾਗਮ ਕਰਵਾਇਆ ਸੀ ਜੋ ਉਨ੍ਹਾਂ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ ਹੈ। ਉਸ ਨੇ ਦੱਸਿਆ ਕਿ ਪਟਿਆਲਾ ਉਸ ਦੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਉਸ ਨੇ ਪਟਿਆਲਾ ‘ਚ ਬਚਪਨ ਤੋਂ ਲੈ ਕੇ ਕਾਫ਼ੀ ਸਮਾਂ ਬਤੀਤ ਕੀਤਾ ਸੀ। ਉਸ ਨੇ ਦੱਸਿਆ ਕਿ ਪਟਿਆਲਾ ਉਸ ਦਾ ਪਸੰਦੀਦਾ ਸ਼ਹਿਰ ਵੀ ਹੈ ਕਿਉਂਕਿ ਉਸ ਨੇ ਇਥੋਂ ਦੇ ਇੱਕ ਸਕੂਲ ‘ਚੋਂ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਪੂਰੀ ਕੀਤੀ।
ਉਹ ਅੱਜ ਜਿਸ ਮੁਕਾਮ ‘ਤੇ ਪੁੱਜੀ ਹੈ ਉਸ ਵਿੱਚ ਪਟਿਆਲਾ ਦਾ ਵੀ ਪੂਰਾ-ਪੂਰਾ ਯੋਗਦਾਨ ਹੈ ਕਿਉਂਕਿ ਇਥੋਂ ਪੜ੍ਹ ਲਿਖ ਕੇ ਹੀ ਉਸ ਨੇ ਅੱਗੇ ਜਾ ਕੇ ਵੱਡੀ ਪ੍ਰਾਪਤੀ ਕੀਤੀ। ਨਿਮਰਤ ਦਸਵੀ ਦੀ ਸਫ਼ਲਤਾ ਤੋਂ ਬਾਅਦ ਅਗਲੀ ਫ਼ਿਲਮ ਹੈਪੀ ਟੀਚਰਜ਼ ਡੇਅ ‘ਚ ਨਜ਼ਰ ਆਵੇਗੀ।