ਅਰਵਿੰਦ ਕੇਜਰੀਵਾਲ ਨੇ ਹਰਿਮੰਦਰ ਸਾਹਿਬ ਵਿਖੇ ਭੁੱਲ ਬਖਸ਼ਾਈ

1ਅੰਮ੍ਰਿਤਸਰ/ਚੰਡੀਗੜ  : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਤੜਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਤੇ ਗੁਰੂ ਰਾਮਦਾਸ ਲੰਗਰ ਹਾਲ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਬੀਤੇ ਦਿਨੀਂ ਪਾਰਟੀ ਕੋਲੋਂ ਹੋਈਆਂ ਗਲਤੀਆਂ ਲਈ ਅਰਵਿੰਦ ਕੇਜਰੀਵਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੁੱਲ ਬਖਸ਼ਾਉਣ ਲਈ ਪਹੁੰਚੇ।
ਸ੍ਰੀ ਕੇਜਰੀਵਾਲ ਸਵੇਰੇ 4 ਵਜੇ ਹਰਿਮੰਦਰ ਸਾਹਿਬ ਪਹੁੰਚੇ। ਉਹਨਾਂ ਨੇ ਪਹਿਲਾਂ ਗੁਰੂ ਰਾਮ ਦਾਸ ਲੰਗਰ ਹਾਲ ਵਿਚ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਤੇ ਉਸ ਮਗਰੋਂ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦਰਬਾਰ ਸਾਹਿਬ ਵਿਖੇ ਗੁਰਬਾਣੀ ਦਾ ਸਰਵਣ ਵੀ ਕੀਤਾ। ਅਰਦਾਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਗਏ।
ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਸੇਵਾ ਕੀਤੀ ਅਤੇ ਗੁਰੂ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਣਜਾਣੇ ਵਿਚ ਹੋਈਆਂ ਗਲਤੀਆਂ ਦੀ ਖਿਮਾ ਯਾਚਨਾ ਕੀਤੀ ਹੈ।
ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਆਗੂ ਅਸ਼ੀਸ ਖੇਤਾਨ, ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਆਗੂ ਵੀ ਮੌਜੂਦ ਸਨ।