ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਟਿੱਪਣੀ ਕਿ ਕੇਂਦਰ ਨੇ ਦਿੱਲੀ ‘ਚ ਭਾਰਤ-ਪਾਕਿ ਵਰਗੇ ਹਾਲਾਤ ਪੈਦਾ ਕਰ ਰੱਖੇ ਹਨ, ‘ਤੇ ਚੁਟਕੀ ਲਈ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਉਨ੍ਹਾਂ ਤੋਂ ਸਵਾਲ ਕੀਤਾ ਹੈ ਕਿ ਕੇਜਰੀਵਾਲ ਜੀ ਤੁਸੀਂ ਕਿਸ ਵੱਲ ਹੋ; ਭਾਰਤ ਜਾਂ ਫਿਰ ਪਾਕਿਸਤਾਨ? ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਇਕ ਵਾਰ ਫਿਰ ਤੋਂ ਆਪਣੀਆਂ ਗਲਤੀਆਂ ਤੇ ਅਸਫਲਤਾਵਾਂ ਨੂੰ ਕਿਸੇ ਹੋਰ ‘ਤੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡਾ ਸੁਭਾਅ ਅਰਾਜਕਤਾਵਾਦੀ ਹੈ, ਤੁਸੀਂ ਇਕ ਬੁਰੇ ਪ੍ਰਸ਼ਾਸਕ ਹੋ ਅਤੇ ਇਕ ਬਹਾਨੇਬਾਜ ਵਜੋਂ ਤੁਸੀਂ ਹਮੇਸ਼ਾ ਦੂਜਿਆਂ ‘ਤੇ ਦੋਸ਼ ਸੁੱਟਣ ਦੀ ਕੋਸ਼ਿਸ਼ ਕਰਦੇ ਹੋ। ਅਸਲੀਅਤ ‘ਚ ਤੁਸੀਂ ਗਲਤ ਜਗ੍ਹਾ ‘ਤੇ ਬੈਠੇ ਇਕ ਗਲਤ ਵਿਅਕਤੀ ਹੋ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨਿਰਾਸ਼ਾ ਦਾ ਇਕ ਉਤਪਾਦ ਹਨ, ਜਿਹੜੀ ਇਕ ਸਮੇਂ ਨੌਜ਼ਵਾਨਾਂ ਵਿਚਾਲੇ ਸੀ। ਲੇਕਿਨ ਹੁਣ ਉਨ੍ਹਾਂ ਨੌਜ਼ਵਾਨਾਂ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਹਨ, ਜਦਕਿ ਉਸ ਨਿਰਾਸ਼ਾ ਨੂੰ ਕੇਜਰੀਵਾਲ ਨੇ ਅਪਣਾ ਲਿਆ ਹੈ ਤੇ ਇਨ੍ਹਾਂ ਦਾ ਗ੍ਰਾਫ ਹੇਠਾਂ ਖਿਸਕਣਾ ਸ਼ੁਰੂ ਹੋ ਚੁੱਕਾ ਹੈ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲੇ ਬੰਦ ਹੋਣ ਕਾਰਨ ਪਹਿਲੀ ਬਰਸਾਤ ਤੋਂ ਬਾਅਦ ਦਿੱਲੀ ‘ਚ ਹੜ੍ਹ ਵਰਗਾ ਮਹੌਲ ਬਣ ਗਿਆ, ਕੀ ਇਹ ਵੀ ਲੈਫਟੀਨੈਂਟ ਗਵਰਨਰ ਜਾਂ ਪ੍ਰਧਾਨ ਮੰਤਰੀ ਕਾਰਨ ਹੋਇਆ ਹੈ?















