ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਜਲਦੀ ਹੀ ਬੌਲੀਵੁਡ ‘ਚ ਪੈਰ ਧਰਨ ਜਾ ਰਹੀ ਹੈ। ਉਹ ਅਕਸ਼ੇ ਕੁਮਾਰ ਨਾਲ ਫ਼ਿਲਮ ਮਿਸ਼ਨ ਸਿੰਡਰੇਲਾ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਸ ਦੀ ਆਪਣੀ ਪੰਜਾਬੀ ਫ਼ਿਲਮ ਸੌਂਕਣ ਸੌਂਕਣੇ ਵੀ ਕਾਫ਼ੀ ਮਕਬੂਲ ਰਹੀ ਸੀ। ਉਹ ਦੱਸਦੀ ਹੈ ਕਿ ਜਦੋਂ ਨਵੀਂ ਭਾਸ਼ਾ ‘ਚ ਕੰਮ ਕਰਨਾ ਹੋਵੇ ਤਾਂ ਸਹੀ ਕਿਰਦਾਰ ਦਾ ਇੰਤਜ਼ਾਰ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਥੇ ਦਰਸ਼ਕ ਵੀ ਨਵੇਂ ਹੁੰਦੇ ਹਨ ਅਤੇ ਉਨ੍ਹਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਵੀ ਵੱਖਰਾ ਹੁੰਦਾ ਹੈ।
ਸਰਗੁਣ ਨੇ ਕਿਹਾ ਕਿ ਪੰਜਾਬੀ ਫ਼ਿਲਮ ਸਨਅਤ ਨਾਲੋਂ ਬੌਲੀਵੁਡ ਕਾਫ਼ੀ ਵੱਖਰਾ ਹੈ। ਪੰਜਾਬੀ ਫ਼ਿਲਮ ਸਨਅਤ ਨੇ ਹਾਲੇ ਵਿਕਾਸ ਕਰਨਾ ਹੈ, ਪਰ ਬੌਲੀਵੁੱਡ ਵਿਕਸਿਤ ਹੋ ਚੁੱਕਿਆ ਹੈ ਜਿਸ ‘ਚ ਕੰਮ ਕਰਨ ਦਾ ਵੱਖਰਾ ਤਜਰਬਾ ਹੈ, ਪਰ ਬੌਲੀਵੁੱਡ ਵਿੱਚ ਸਥਾਪਿਤ ਹੋਣ ਲਈ ਕਈ ਔਖੇ ਪੈਂਡਿਆਂ ‘ਚੋਂ ਲੰਘਣਾ ਪੈਂਦਾ ਹੈ। ਜਦੋਂ ਉਸ ਨੂੰ ਬੌਲੀਵੁੱਡ ਦੀ ਪਹਿਲੀ ਫ਼ਿਲਮ ‘ਚ ਕੰਮ ਕਰਨ ਦਾ ਸੱਦਾ ਮਿਲਿਆ ਤਾਂ ਉਹ ਕਾਫ਼ੀ ਚਿੰਤਤ ਸੀ, ਪਰ ਨਾਲ ਹੀ ਬਹੁਤ ਖ਼ੁਸ਼ ਵੀ ਸੀ ਕਿਉਂਕਿ ਇਹ ਫ਼ਿਲਮ ਅਕਸ਼ੇ ਕੁਮਾਰ ਨਾਲ ਕਰਨੀ ਸੀ।











