ਛੇਤੀ ਹੀ ਪਿਤਾ ਬਣਨ ਜਾ ਰਿਹਾ ਅਦਾਕਾਰ ਰਣਬੀਰ ਕਪੂਰ ਇਸ ਵੇਲੇ ਕਈ ਤਰ੍ਹਾਂ ਦੇ ਭਾਵੁਕ ਉਤਰਾ-ਚੜ੍ਹਾਅ ‘ਚੋਂ ਲੰਘ ਰਿਹਾ ਹੈ। ਇੱਕ ਪਲ ਲਈ ਉਹ ਬਹੁਤ ਉਤਸ਼ਾਹਿਤ ਹੋ ਜਾਂਦਾ ਹੈ ਅਤੇ ਦੂਜੇ ਹੀ ਪਲ ਪਿਤਾ ਬਣਨ ਦੀ ਜ਼ਿੰਮੇਵਾਰੀ ਉਸ ਨੂੰ ਥੋੜ੍ਹਾ ਡਰਾ ਦਿੰਦੀ ਹੈ। ਰਣਬੀਰ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਦੀ ਖ਼ਬਰ ਮਿਲਣ ਮਗਰੋਂ ਬਹੁਤ ਹੀ ਖ਼ੁਸ਼ ਅਤੇ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਅਪ੍ਰੈਲ ਮਹੀਨੇ ‘ਚ ਵਿਆਹ ਬੰਧਨ ‘ਚ ਬੱਝੇ ਸਨ ਅਤੇ ਪਿਛਲੇ ਮਹੀਨੇ ਆਲੀਆ ਵੱਲੋਂ ਆਪਣੇ ਗਰਭਵਤੀ ਹੋਣ ਦੀ ਖ਼ੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਸੀ।
ਰਣਬੀਰ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਲਈ ਇਸ ਅਹਿਸਾਸ ਨੂੰ ਬਿਆਨ ਕਰ ਸਕਣਾ ਬਹੁਤ ਔਖਾ ਕੰਮ ਹੈ, ਪਰ ਫ਼ਿਰ ਵੀ ਉਹ ਆਪਣੇ ਜੀਵਨ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਅਦਾਕਾਰ ਦਾ ਕਹਿਣਾ ਹੈ, ”ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ, ਉਤਸ਼ਾਹਿਤ ਹਾਂ, ਘਬਰਾਇਆ ਹੋਇਆ ਹਾਂ ਅਤੇ ਇਸ ਦੇ ਨਾਲ ਹੀ ਡਰਿਆ ਹੋਇਆ ਵੀ ਹਾਂ ਕਿਉਂਕਿ ਇਸ ਮੌਕੇ ਮੈਨੂੰ ਖ਼ੁਦ ਕੋਲੋਂ ਤੇ ਇਸ ਰਿਸ਼ਤੇ ਕੋਲੋਂ ਬਹੁਤ ਸਾਰੀਆਂ ਉਮੀਦਾਂ ਹਨ, ਅਤੇ ਮੈਂ ਇਸ ਕੋਲੋਂ ਕੀ ਚਾਹੁੰਦਾ ਹਾਂ ਤੇ ਮੈਂ ਕੀ ਦੇਣਾ ਚਾਹੁੰਦਾ ਹਾਂ।”











