ਦੋ ਸਿੱਖਾਂ ਦੀ ਗਿਰਫ਼ਤਾਰੀ ’ਤੇ ਅਫ਼ਸਰਾਂ ਨੇ ਮੰਗੀ ਮੁਆਫ਼ੀ

ਔਟਵਾ (ਅਜੀਤ ਵੀਕਲੀ): ਕੈਨੇਡਾ ਦੀ ਰਾਜਧਾਨੀ ਔਟਵਾ ’ਚ ਲੰਘੇ ਸ਼ਨੀਵਾਰ ਸੰਸਦ ਨੇੜੇ ਇੱਕ ਵਾਹਨ ’ਚ ਸ਼ੱਕੀ ਬੰਬ ਸਮੱਗਰੀ ਹੋਣ ਦੀ ਜਾਣਕਾਰੀ ਮਿਲੀ ਸੀ। ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਮਗਰੋਂ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਸੰਸਦ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਦੌਰਾਨ ਰੈਲੀ ਆਯੋਜਕ ਦੋ ਸਿੱਖਾਂ ਪਰਮਿੰਦਰ ਸਿੰਘ ਅਤੇ ਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਬਾਅਦ ’ਚ ਅਫ਼ਸਰਾਂ ਨੇ ਮੁਆਫ਼ੀ ਮੰਗ ਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ੱਕੀ ਸਮੱਗਰੀ ਲਈ ਉਨ੍ਹਾਂ ਦੀ ਦਸਤਾਰ ਅਤੇ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਅਤੇ ਕੱਕਾਰ (ਕੜਾ, ਕਿਰਪਾਨ) ਉਤਾਰੇ ਗਏ।

ਸਿੱਖ ਸਮਾਗਮ ਦੇ ਇਨ੍ਹਾਂ ਦੋ ਆਯੋਜਕਾਂ ਦਾ ਕਹਿਣਾ ਹੈ ਕਿ ਬੰਬ ਦੀ ਧਮਕੀ ਦੇ ਸਬੰਧ ’ਚ ਗ਼ਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਅਜੇ ਵੀ ਸਦਮੇ ’ਚ ਹਨ। ਇਹ ਘਟਨਾ ਉਦੋਂ ਵਾਪਰੀ ਜਦ ’84 ਦੀ ਯਾਦ ’ਚ ਕੁੱਝ ਸਿੱਖ ਉੱਥੇ ਰੈਲੀ ਕਰਨ ਲਈ ਪੁੱਜੇ, ਅਤੇ ਪੁਲੀਸ ਨੇ ਉਨ੍ਹਾਂ ਨੂੰ ਸੰਸਦ ਨੇੜੇ ਨਿਰਧਾਰਿਤ ਜਗ੍ਹਾ ’ਚ ਨਾ ਜਾਣ ਦਿੱਤਾ ਅਤੇ ਕੁੱਝ ਦੂਰੀ ’ਤੇ ਸਥਿਤ ਕੈਨੇਡਾ ਦੀ ਸੁਪਰੀਮ ਕੋਰਟ ਦੀ ਇਮਾਰਤ ਨੇੜੇ ਰੋਕ ਦਿੱਤਾ। ਉਸ ਤੋਂ ਪਹਿਲਾਂ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਵਲੋਂ ਪੁਲੀਸ ਨੂੰ ਸੰਸਦ ਨੇੜੇ ਬੰਬ ਸਮੱਗਰੀ ਹੋਣ ਬਾਰੇ ਸੂਚਿਤ ਕੀਤਾ ਸੀ ਜਿਸ ਨੂੰ ਅਧਿਕਾਰੀਆਂ ਨੇ ਬੇਹੱਦ ਗੰਭੀਰਤਾ ਨਾਲ ਲਿਆ ਅਤੇ ਸੰਸਦ ’ਚ ਮੈਂਬਰਾਂ ਅਤੇ ਸਟਾਫ਼ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ।

ਵਰਲਡ ਸਿੱਖ ਸੰਸਥਾ ਦੇ ਪ੍ਰਧਾਨ ਤਜਿੰਦਰ ਸਿੰਘ ਸਿੱਧੂ ਨੇ ਸਮੁੱਚੇ ਘਟਨਾਕ੍ਰਮ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਰਤ ਸਰਕਾਰ ਅਤੇ ਮੀਡੀਆ ਵਲੋਂ ਸਿੱਖਾਂ ਨੂੰ ਅਤਿਵਾਦ ਨਾਲ ਜੋੜਨ ਲਈ ਅਜਿਹੀਆਂ ਘਟਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ ਜਿਸ ਨਾਲ ਕੈਨੇਡਾ ’ਚ ਸ਼ਾਂਤੀਪੂਰਵਕ ਰਹਿ ਕੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।