ਮੈਨੀਟੋਬਾ ’ਚ ਟਰਬਨ ਡੇਅ ਐਕਟ ਪਾਸ

ਮੈਨੀਟੋਬਾ (ਅਜੀਤ ਵੀਕਲੀ): ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਵਿਧਾਨਸਭਾ ’ਚ ਟਰਬਨ-ਡੇਅ ਐਕਟ ਪਾਸ ਕੀਤਾ ਗਿਆ ਹੈ। ਇਸ ਦੇ ਪਾਸ ਹੋਣ ਦੇ ਬਾਅਦ ਹੁਣ ਹਰੇਕ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਸੂਬੇ ’ਚ ਪੱਗ ਦਿਵਸ (turban day) ਮਨਾਇਆ ਜਾਵੇਗਾ। ਇਸ ਬਿੱਲ ਨੂੰ ਲਿਆਉਣ ਦੇ ਸਵਾਲ ’ਤੇ ਵਿਧਾਇਕ ਦਿਲਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਲ ’ਚ ਇੱਕ ਅਜਿਹਾ ਦਿਨ ਵੀ ਹੋਣਾ ਜ਼ਰੂਰੀ ਹੈ ਜਦੋਂ ਪੱਗ ਨੂੰ ਸੈਲੇਬ੍ਰੇਟ ਕੀਤਾ ਜਾਵੇ। ਇਹ ਕੈਨੇਡਾ ਦੀ ਵਿਭਿੰਨਤਾ ਨੂੰ ਵੀ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਇੱਥੇ ਕਿਵੇਂ ਵੱਖ-ਵੱਖ ਸੱਭਿਆਚਾਰ ਦੇ ਲੋਕ ਮਿਲਜੁਲ ਕੇ ਰਹਿ ਰਹੇ ਹਨ। ਇਸ ਲਈ ਟਰਬਨ ਡੇਅ ਐਕਟ ਨੂੰ ਪਾਸ ਕੀਤਾ ਗਿਆ ਹੈ। ਹਾਲਾਂਕਿ ਇਸ ਐਕਟ ’ਚ ਇਸ ਨੂੰ ਲਿਆਉਣ ਦਾ ਇੱਕ ਅਹਿਮ ਕਾਰਨ ਦੱਸਿਆ ਗਿਆ।

ਪਹਿਲੀ ਵਾਰ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ ’ਤੇ ਮੈਨੀਟੋਬਾ ਵਿਧਾਨਸਭਾ ’ਚ ਟਰਬਨ ਡੇਅ ਐਕਟ ਨੂੰ ਲਿਆਂਦਾ ਗਿਆ। ਉਸ ਤੋਂ ਬਾਅਦ ਇਸ ਨੂੰ 24 ਮਾਰਚ ਨੂੰ ਫ਼ਸਟ ਰੀਡਿੰਗ, 7 ਅਪ੍ਰੈਲ ਨੂੰ ਦੂਜੀ ਅਤੇ 26 ਮਈ ਨੂੰ ਤੀਜੀ ਰੀਡਿੰਗ ਲਈ ਰੱਖਿਆ ਗਿਆ। ਪੂਰੀ ਪ੍ਰਕਿਰਿਆ ’ਚੋਂ ਲੰਘਣ ਤੋਂ ਬਾਅਦ 1 ਜੂਨ ਨੂੰ ਇਸ ਨੂੰ ਰੌਇਲ ਸਹਿਮਤੀ ਮਿਲੀ।

ਪੱਗ ਦਿਵਸ ਲਈ 13 ਅਪ੍ਰੈਲ ਦਾ ਦਿਨ ਚੁਣੇ ਜਾਣ ਪਿੱਛੇ ਇੱਕ ਖਾਸ ਵਜ੍ਹਾ ਹੈ। ਹਰ ਸਾਲ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਇਸ ਲਈ ਇਹ ਦਿਨ ਮਨਾਉਣ ਲਈ ਇਹ ਤਾਰੀਖ਼ ਚੁਣੀ ਗਈ। ਇਹ ਉਹ ਤਾਰੀਖ਼ ਹੈ ਜਦੋਂ ਖਾਲਸਾ ਪੰਥ ਸਾਜਿਆ ਗਿਆ ਸੀ। ਇਸੇ ਦਿਨ 1699 ਨੂੰ 10ਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਚੇਲਿਆਂ ’ਚ ਆਨੰਦਪੁਰ ਸਾਹਿਬ ’ਚ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ। ਵਿਸਾਖੀ ਨੂੰ ਖ਼ਾਲਸਾ ਪੰਥ ਦੇ ਜਨਮ ਦੇ ਸਿਲਸਿਲੇ ’ਚ ਇੱਕ ਪ੍ਰਮੁੱਖ ਤਿਓਹਾਰ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਬਿੱਲ ਨੂੰ ਲਿਆਉਣ ਵਾਲੇ ਵਿਧਾਇਕ ਬਰਾੜ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿਕਾਸ ’ਚ ਸਿੱਖ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਇੱਥੋਂ ਦੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਦੇ ਬਾਵਜੂਦ ਸਿੱਖ ਨਸਲਵਾਦ ਅਤੇ ਵਿਤਕਰੇ ਦੀ ਭਾਵਨਾ ਨਾਲ ਜੂਝ ਰਹੇ ਹਨ। ਇਸ ਲਈ ਅਧਿਕਾਰਿਕ ਤੌਰ ’ਤੇ ਇੱਕ ਅਜਿਹਾ ਦਿਨ ਤੈਅ ਕੀਤਾ ਗਿਆ ਹੈ ਜਦੋਂ ਪੱਗ ਨੂੰ ਕੈਨੇਡਾ ਦੀ ਵਿਭਿੰਨਤਾ ਨਾਲ ਭਰੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਵੇਗਾ। ਇਹ ਇਸ ਸਮੇਂ ਦੀ ਲੋੜ ਵੀ ਹੈ।