ਪਰਿਵਾਰਕ ਕੌਮੇਡੀ ਮਾਹੀ ਮੇਰਾ ਨਿੱਕਾ ਜਿਹਾ

ਸੁਰਜੀਤ ਜੱਸਲ
ਪਿਛਲੇ ਦਿਨਾਂ ‘ਚ ਰਿਲੀਜ਼ ਹੋਈਆਂ ਫ਼ਿਲਮਾਂ ਤੋਂ ਲੱਗਦਾ ਹੈ ਕਿ ਪੰਜਾਬੀ ਸਿਨਮਾ ਹੁਣ ਵਿਆਹਾਂ ਦੇ ਕੌਮੇਡੀ ਮਾਹੌਲ ‘ਚੋਂ ਨਿਕਲ ਕੇ ਸਮਾਜ ਨਾਲ ਜੁੜੀਆਂ ਪਰਿਵਾਰਕ ਕਹਾਣੀਆਂ ਵੱਲ ਆਇਆ ਹੈ। ਇੰਨ੍ਹੀਂ ਦਿਨੀਂ ਚਰਚਾ ‘ਚ ਫ਼ਿਲਮ ਮਾਹੀ ਮੇਰਾ ਨਿੱਕਾ ਜਿਹਾ ਵੀ ਸਮਾਜਕ ਕਹਾਣੀ ਦਾ ਆਧਾਰ ਹੈ ਜੋ ਮਧਰੇ ਕੱਦ ਵਾਲੇ ਇੱਕ ਵਿਅਕਤੀ ਦੀ ਜ਼ਿੰਦਗੀ ਨਾਲ ਜੁੜੀ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਕਿਸੇ ਵਿਅਕਤੀ ਦੀ ਪਛਾਣ ਉਸ ਦਾ ਕੱਦ, ਰੰਗ-ਰੂਪ ਜਾਂ ਪਹਿਰਾਵਾ ਨਹੀਂ ਹੁੰਦਾ ਬਲਕਿ ਉਸ ਦਾ ਚੰਗਾ ਸੁਭਾਅ, ਕਾਬਲੀਅਤ ਹੀ ਉਸ ਦੀ ਅਸਲ ਪਛਾਣ ਹੁੰਦੇ ਹਨ। ਕੌਮੇਡੀ ਅਤੇ ਮਨੋਰੰਜਨ ਦੇ ਰੰਗ ‘ਚ ਰੰਗੀ ਇਹ ਫ਼ਿਲਮ ਨੌਜਵਾਨ ਦਿਲਾਂ ਵਿਚਲੀ ਮੁਹੱਬਤ ਅਤੇ ਜਜ਼ਬਾਤ ਨੂੰ ਵੀ ਬਾਖ਼ੂਬੀ ਪੇਸ਼ ਕਰਦੀ ਹੈ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫ਼ਿਲਮ ਦੀ ਕਹਾਣੀ ਮੁਤਾਬਿਕ ਮਧਰੇ ਕੱਦ ਵਾਲੇ ਪਤੀ ਤੋਂ ਦੁਖੀ ਪਤਨੀ ਆਪਣੀ ਧੀ ਲਈ ਉੱਚੇ ਲੰਮੇ, ਸੋਹਣੇ ਸੁਨੱਖੇ ਗੱਭਰੂ ਮੁੰਡੇ ਦੀ ਭਾਲ ਕਰਦੀ ਹੈ, ਪਰ ਹੋ ਕੁੱਝ ਹੋਰ ਹੀ ਜਾਂਦਾ ਹੈ। ਅਨੀਤਾ ਦੇਵਗਨ ਪੰਜਾਬੀ ਸਿਨਮਾ ਦੀ ਸਿਰਮੌਰ ਅਦਾਕਾਰਾ ਹੈ। ਉਸ ਨੇ ਇਸ ਫ਼ਿਲਮ ‘ਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਪਿਉ-ਪੁੱਤ ਦੀ ਜੋੜੀ ਜਸਵਿੰਦਰ ਭੱਲਾ ਅਤੇ ਪੁਖਰਾਜ ਭੱਲਾ ਵੀ ਇਸ ਫ਼ਿਲਮ ਦੀ ਸ਼ਾਨ ਬਣੇ ਹਨ। ਜਿੱਥੇ ਪੁਖਰਾਜ ਭੱਲਾ ਹੀਰੋ ਬਣ ਕੇ ਪਛਾਣ ਗੂੜ੍ਹੀ ਕਰੇਗਾ, ਉੱਥੇ ਜਸਵਿੰਦਰ ਭੱਲਾ ਇੱਕ ਵੈਦ ਬਣਿਆ ਕੱਦ ਵਧਾਉਣ ਦੇ ਨੁਸਖ਼ੇ ਦਿੰਦਾ ਨਵੀਂ ਕੌਮੇਡੀ ਕਰਦਾ ਨਜ਼ਰ ਆਉਂਦਾਹੈ।
ਮੌਡਲਿੰਗ ਤੋਂ ਫ਼ਿਲਮੀ ਪਰਦੇ ‘ਤੇ ਆਈ ਹਸ਼ਨੀਨ ਚੌਹਾਨ ਦੀ ਪੁਖਰਾਜ ਭੱਲਾ ਨਾਲ ਰੁਮੈਂਟਿਕ ਜੋੜੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਹੈ ਜੋ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਹੈ। ਉਸ ਨੇ ਹਰੇਕ ਦ੍ਰਿਸ਼ ਨੂੰ ਬਾਖ਼ੂਬੀ ਫ਼ਿਲਮਾਇਆ ਹੈ। ਫ਼ਿਲਮ ਦੀ ਕਹਾਣੀ ਜਗਦੇਵ ਸੇਖੋਂ ਨੇ ਲਿਖੀ ਹੈ। ਸਕਰੀਨ ਪਲੇਅ ਅਮਨ ਸਿੱਧੂ ਨੇ ਲਿਖਿਆ ਹੈ ਜਦੋਂਕਿ ਡਾਇਲੌਗ ਅਮਨ ਸਿੱਧੂ ਅਤੇ ਭਿੰਦੀ ਤੋਲਾਵਾਲ ਨੇ ਲਿਖੇ ਹਨ। ਫ਼ਿਲਮ ‘ਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਵੀਰ ਦਿਓਲ, ਸੁੱਖੀ ਚਹਿਲ, ਏਕਤਾ ਗੁਲਾਟੀ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਤੇ ਜੱਗੀ ਸਿੰਘ ਨੇ ਦਿੱਤਾ ਹੈ। ਕਮਲ ਖ਼ਾਨ, ਪ੍ਰਭ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ। ਆਮ ਪੰਜਾਬੀ ਫ਼ਿਲਮਾਂ ਤੋਂ ਹਟਕੇ ਬਣੀ ਇਹ ਫ਼ਿਲਮ ਪਰਿਵਾਰ ਸਮੇਤ ਵੇਖਣਯੋਗ ਹੈ।