ਸੌਂਕਣ ਸੌਂਕਣੇ ਦੀ ਕਾਮਯਾਬੀ ਤੋਂ ਖ਼ੁਸ਼ ਹੈ ਸਰਗੁਣ

ਪੰਜਾਬੀ ਫ਼ਿਲਮ ਸੌਂਕਣ ਸੌਂਕਣੇ ਦੀ ਕਾਮਯਾਬੀ ਕਾਰਨ ਅਦਾਕਾਰਾ-ਨਿਰਮਾਤਾ ਸਰਗੁਣ ਮਹਿਤਾ ਲਈ ਇਹ ਜਸ਼ਨ ਦਾ ਸਮਾਂ ਹੈ। ਉਸ ਵਲੋਂ ਪ੍ਰੋਡਿਊਸ ਕੀਤੀ ਅਤੇ ਅਦਾਕਾਰੀ ਵਾਲੀ ਇਸ ਪੰਜਾਬੀ ਫ਼ਿਲਮ ਨੂੰ ਬੌਕਸ ਆਫ਼ਿਸ ‘ਤੇ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਅਦਾਕਾਰਾ ਨੇ ਕਿਹਾ ਕਿ ਉਸ ਦੀ ਖ਼ੁਸ਼ੀ ਦੀ ਕੋਈ ਟਿਕਾਣਾ ਨਹੀਂ। ਉਸ ਨੇ ਕਿਹਾ, ”ਮੇਰੀ ਪਹਿਲੀ ਪ੍ਰਤੀਕਿਰਿਆ ਖ਼ੁਸ਼ੀ ਨਾਲ ਟੱਪਣ ਦੀ ਸੀ। ਮੈਂ ਪਿਛਲੇ ਤਿੰਨ ਸਾਲਾਂ ਤੋਂ ਇਸ ਫ਼ਿਲਮ ‘ਤੇ ਕੰਮ ਕਰ ਰਹੀ ਹਾਂ। ਜਦੋਂ ਤੋਂ ਮੈਂ ਕਹਾਣੀ ਸੁਣੀ, ਇਸ ਫ਼ਿਲਮ ਲਈ ਲੇਖਕ ਦੇ ਪਿੱਛੇ ਲੱਗ ਗਈ। ਫ਼ਿਰ ਮੈਂ ਇਸ ਨੂੰ ਇੱਕ ਨਿਰਮਾਤਾ ਵਜੋਂ ਲਿਆ ਅਤੇ ਅੱਜ ਇਹ ਫ਼ਿਲਮ ਕਮਾਲ ਕਰ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਲੋਕ ਇਸ ਫ਼ਿਲਮ ਨੂੰ ਪਿਆਰ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਦਾ ਭਰੋਸਾ ਹਾਸਲ ਕਰਨ ‘ਚ ਲੰਮਾ ਸਮਾਂ ਲੱਗਦਾ ਹੈ।”ਸਰਗੁਣ ਨੇ ਸਾਲ 2015 ‘ਚ ਪੰਜਾਬੀ ਫ਼ਿਲਮ ਅੰਗਰੇਜ਼ ਰਾਹੀਂ ਫ਼ਿਲਮੀ ਦੁਨੀਆ ‘ਚ ਕਦਮ ਰੱਖਿਆ ਸੀ। ਉਸ ਨੇ ਕਈ ਹੋਰ ਪੰਜਾਬੀ ਫ਼ਿਲਮਾਂ ਜਿਵੇਂ ਲਵ ਪੰਜਾਬ ਅਤੇ ਲਾਹੌਰੀਏ ਵੀ ਕੀਤੀਆਂ। ਫ਼ਿਲਮ ‘ਚ ਸਹਿ-ਅਦਾਕਾਰ ਐਮੀ ਵਿਰਕ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਸਰਗੁਣ ਨੇ ਕਿਹਾ, ”ਮੈਂ ਅਤੇ ਐਮੀ ਇੱਕ-ਦੂਜੇ ਨੂੰ ਆਪਣੀ ਪਹਿਲੀ ਫ਼ਿਲਮ ਵੇਲੇ ਤੋਂ ਜਾਣਦੇ ਹਾਂ। ਅੰਗਰੇਜ਼ ਸਾਡੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ। ਦੂਜੀ ਫ਼ਿਲਮ ਕਿਸਮਤ ਵੀ ਬਲੌਕਬਸਟਰ ਰਹੀ। ਕਿਸਮਤ 2 ਵੀ ਇੱਕ ਹੋਰ ਬਲੌਕਬਸਟਰ ਫ਼ਿਲਮ ਸੀ ਅਤੇ ਹੁਣ ਅਸੀਂ ਸੌਂਕਣ ਸੌਂਕਣੇ ਨਾਲ ਹਾਜ਼ਰ ਹੋਏ ਹਾਂ। ਐਮੀ ਨਾਲ ਕੰਮ ਕਰਨਾ ਹਮੇਸ਼ਾ ਸ਼ਾਨਦਾਰ ਰਿਹਾ ਹੈ।”
IIFA 2022 ‘ਚ ਵਿਕੀ ਕੌਸ਼ਲ ਨੂੰ ਸਭ ਤੋਂ ਵਧੀਆ ਅਦਾਕਾਰ ਅਤੇ ਕ੍ਰਿਤੀ ਸੈਨਨ ਸਭ ਤੋਂ ਵਧੀਆ ਅਦਾਕਾਰਾ ਚੁਣਿਆ ਗਿਆ
IIFA 2022 ਐਵਾਰਡ ਯੈੱਸ ਆਈਲੈਂਡ, ਅਬੂ ਧਾਬੀ ‘ਚ ਹੋਇਆ ਹੈ। ਬੀਤੇ ਦਿਨ ਨੂੰ ਇਸ ਸ਼ੋਅ ‘ਚ ਫ਼ਿਲਮੀ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ। ਇਸ ‘ਚ ਅਦਾਕਾਰਾਂ ਨੇ ਸਿਰਫ਼ ਆਪਣੀ ਲੁੱਕ ਨਾਲ ਹੀ ਨਹੀਂ ਸਗੋਂ ਸਟੇਜ ‘ਤੇ ਆਪਣੇ ਪ੍ਰਦਰਸ਼ਨ ਨਾਲ ਵੀ ਹੈਰਾਨ ਕੀਤਾ। ਇਸ ਸਾਲ ਦਾ ਸਭ ਤੋਂ ਵਧੀਆ ਅਦਾਕਾਰ ਦਾ ਐਵਾਰਡ ਵਿਕੀ ਕੌਸ਼ਲ ਨੇ ਆਪਣੀ ਫ਼ਿਲਮ ਸਰਦਾਰ ਊਧਮ ਸਿੰਘ ਲਈ ਜਿੱਤਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵਧੀਆ ਅਦਾਕਾਰਾ ਦਾ ਐਵਾਰਡ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫ਼ਿਲਮ ਮਿਮੀ ਲਈ ਦਿੱਤਾ ਗਿਆ। ਆਈਫ਼ਾ ਐਵਾਰਡ ਇੱਕ ਵਿਸ਼ੇਸ਼ ਸ਼ੋਅ ਹੈ ਜਿਸ ‘ਚ ਪ੍ਰਸ਼ੰਸਕਾਂ ਦੀਆਂ ਗਲੋਬਲ ਵੋਟਾਂ ਦੇ ਆਧਾਰ ‘ਤੇ ਸਾਲ ਦੀ ਸਰਵੋਤਮ ਫ਼ਿਲਮ, ਅਦਾਕਾਰ, ਅਦਾਕਾਰਾ, ਗਾਇਕ, ਸੰਗੀਤਕਾਰ, ਨਿਰਦੇਸ਼ਕ ਆਦਿ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ।
ਰਾਤਾਂ ਲੰਬੀਆਂ (ਸ਼ੇਰਸ਼ਾਹ) ਲਈ ਅਸੀਸ ਕੌਰ ਨੇ ਸਰਵੋਤਮ ਪਲੇਬੈਕ ਗਾਇਕਾ ਦਾ ਖ਼ਿਤਾਬ ਜਿੱਤਿਆ। ਇਸ ਦੇ ਨਾਲ ਹੀ ਜੂਬਿਨ ਨੌਟਿਆਲ ਨੇ ਰਤਨ ਲੰਬੀ (ਸ਼ੇਰਸ਼ਾਹ) ਲਈ ਸਰਵੋਤਮ ਪਲੇਬੈਕ ਗਾਇਕ ਪੁਰਸ਼ ਦਾ ਪੁਰਸਕਾਰ ਜਿੱਤਿਆ।
ਕੌਸਰ ਮੁਨੀਰ ਨੇ ਸਰਵੋਤਮ ਗੀਤ ਲਈ ਆਈਫ਼ਾ ਐਵਾਰਡ ਜਿੱਤਿਆ। ਕੌਸਰ ਮੁਨੀਰ ਨੂੰ ਇਹ ਐਵਾਰਡ ਫ਼ਿਲਮ 83 ਦੇ ਗੀਤ ਲਹਿਰਾ ਦੋ ਲਈ ਮਿਲਿਆ।
ਅਹਾਨ ਸ਼ੈਟੀ ਨੇ ਬੈੱਸਟ ਡੈਬਿਊ ਮੇਲ ਦਾ ਖ਼ਿਤਾਬ ਜਿੱਤਿਆ। ਉਸ ਨੂੰ ਇਹ ਐਵਾਰਡ ਟੜਪ ਲਈ ਦਿੱਤਾ ਗਿਆ। ਉਸ ਨੇ ਇਹ ਐਵਾਰਡ ਆਪਣੇ ਪਿਤਾ ਸੁਨੀਲ ਸ਼ੈੱਟੀ ਦੇ ਹੱਥੋਂ ਲਿਆ। ਸ਼ਰਵਰੀ ਵਾਘ ਨੂੰ ਸਰਵੋਤਮ ਡੈਬਿਊ ਫ਼ੀਮੇਲ ਲਈ ਚੁਣਿਆ ਗਿਆ। ਉਸ ਨੂੰ ਇਹ ਖ਼ਿਤਾਬ ਬੰਟੀ ਔਰ ਬਬਲੀ 2 ਲਈ ਦਿੱਤਾ ਗਿਆ।
ਫ਼ਿਲਮ 83 ਨੂੰ ਸਰਵੋਤਮ ਕਹਾਣੀ ਲਈ ਚੁਣਿਆ ਗਿਆ। ਇਹ ਫ਼ਿਲਮ 1983 ਦੇ ICC ਵਿਸ਼ਵ ਕੱਪ ‘ਤੇ ਆਧਾਰਿਤ ਹੈ।
ਬੈੱਸਟ ਸਟੋਰੀ ਓਰਿਜਨਲ ਦਾ ਐਵਾਰਡ ਅਨੁਰਾਗ ਬਾਸੂ ਦੀ ਫ਼ਿਲਮ ਲੂਡੋ ਨੂੰ ਦਿੱਤਾ ਗਿਆ। Sportsbuzz.com ਦੇ ਚੇਅਰਮੈਨ ਨਿਤੀਸ਼ ਧਵਨ ਅਤੇ ਸ਼ਾਹਿਦ ਕਪੂਰ ਇਹ ਐਵਾਰਡ ਦੇਣ ਲਈ ਸਟੇਜ ‘ਤੇ ਪਹੁੰਚੇ। ਬੈੱਸਟ ਪਰਫ਼ੌਰਮੈਂਸ ਇਨ ਏ ਸਪੋਰਟਿੰਗ ਰੋਲ ਦਾ ਐਵਾਰਡ ਫ਼ਿਲਮ ਲੂਡੋ ਲਈ ਸਰਵੋਤਮ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਦਿੱਤਾ ਗਿਆ।
ਫ਼ਿਲਮ ਮਿਮੀ ਲਈ ਸਹਾਇਕ ਭੂਮਿਕਾ ਦਾ ਖ਼ਿਤਾਬ ਅਦਾਕਾਰਾ ਸਾਈ ਤਾਮਹਣਕਰ ਨੂੰ ਦਿੱਤਾ ਗਿਆ। ਵਿਸ਼ਨੂੰਵਰਧਨ ਨੇ ਫ਼ਿਲਮ ਸ਼ੇਰਸ਼ਾਹ ‘ਚ ਆਪਣੇ ਸ਼ਾਨਦਾਰ ਨਿਰਦੇਸ਼ਨ ਲਈ ਆਈਫ਼ਾ ਐਵਾਰਡ ਜਿੱਤਿਆ। ਫ਼ਿਲਮ ਸ਼ੇਰਸ਼ਾਹ ਨੂੰ ਸਭ ਤੋਂ ਵਧੀਆ ਫ਼ਿਲਮ ਦਾ ਐਵਾਰਡ ਮਿਲਿਆ। ਇਸ ਦੇ ਨਾਲ ਹੀ ਤਨਿਸ਼ਕ ਬਾਦਚੀ, ਜਸਲੀਨ, ਜਾਵੇਦ ਮੋਹਸਿਨ, ਵਿਕਰਮ ਮੋਟੇਰਸ, ਬੀ ਪ੍ਰਾਕ ਅਤੇ ਜਾਨੀ ਨੂੰ ਫ਼ਿਲਮ ਸ਼ੇਰਸ਼ਾਹ ਲਈ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ।