ਰੇਡੀਓ ਦੀਆਂ ਯਾਦਾਂ – 6

ਰੁਮਕਦੀ ਹਵਾ ਵਰਗੇ ਵਰ੍ਹੇ
ਹਿਮਾਚਲ ਦੇ ਪਰਵਾਣੂ ਅੰਦਰ ਵੜਦੇ ਹੀ ਇੱਕ ਠੰਡੀ ਹਵਾ ਦਾ ਬੁੱਲਾ ਤੁਹਾਡੇ ਮੂੰਹ ਨੂੰ ਸਹਿਲਾ ਜਾਂਦੈ। ਸੁਤੇ ਸਿੱਧ ਮੁਸਕਰਾ ਉਠਦੇ ਹੋਂ ਤੁਸੀਂ। ਹੈ ਜੀ, ਹਵਾ ‘ਚ ਇੱਕ ਨਸ਼ਾ ਜਿਹਾ। ਮੰਨ ਲੌ! ਤੁਸੀਂ ਉਹ ਤਾਂ ਰਹਿੰਦੇ ਹੀ ਨਹੀਂ ਜੋ ਤੁਸੀਂ ਪਹਿਲਾਂ ਸੀ। ਛੁੱਟੀ ਲੈ ਕੇ ਚਲੀ ਗਈ ਸੀ ਜਲੰਧਰ, 21 ਨਵੰਬਰ 1996 ਨੂੰ। ਕੰਮ ਕਰਨੇ ਸਨ ਜ਼ਰੂਰੀ, ਘਰ ਗ੍ਰਹਿਸਥੀ ਦੇ ਕੰਮ। ਮਹਿੰਦਰੂ ਸਾਹਿਬ ਦੇ ਦੂਰਦਰਸ਼ਨ ਸ਼ਿਮਲਾ ਦੇ ਆਰਡਰ ਅਜੇ ਆਏ ਨਹੀਂ ਸਨ। ਸੋਚਿਆ ਕਿ ਹੁਣ ਆਰਡਰ ਆਉਣ ‘ਤੇ ਹੀ ਜਾਣੈ। ਭਾਵੇਂ ਮੈਨੂੰ ਵਿਦਆਊਟ ਪੇ ਛੁੱਟੀ ਲੈਣੀ ਪਵੇ। ਬੱਚੇ ਅਲੱਗ ਪਰੇਸ਼ਾਨ ਸਨ।
26 ਦਸੰਬਰ ਨੂੰ ਅਸੀਂ ਆਪਣੇ ਆਪੋ ਆਪਣੇ ਦਫ਼ਤਰ ਜੋਆਇਨ ਕਰ ਲਏ। ਥੋੜ੍ਹੇ ਦਿਨ ਬੱਚੇ ਨਾਲ ਰਹੇ। ਫ਼ੇਰ ਅਨੂ ਕੰਡਾਘਾਟ ਅਤੇ ਮਨੂ ਜਲੰਧਰ SD ਕਾਲਜ ਪੜ੍ਹਨ ਚਲੀਆਂ ਗਈਆਂ। ਸਾਡੇ ਦੋਵਾਂ ਦੇ ਰੋਜ਼ ਮਾਲ ਦੇ ਚੱਕਰ ਲੱਗਣ ਲੱਗੇ। ਇੱਕ ਨਵੀਂ ਦੁਨੀਆਂ, ਜ਼ਿੰਦਗੀ ਦਾ ਇੱਕ ਨਵਾਂ ਫ਼ੇਜ਼ ਸ਼ੁਰੂ ਹੋ ਗਿਆ ਸੀ।
ਅਤੇ ਇੱਕ ਸਵੇਰ ਦਫ਼ਤਰ ਵਕਤ ‘ਤੇ ਪਹੁੰਚਣ ਦੀ ਜਲਦੀ ‘ਚ ਹੱਥ ਕਟਵਾ ਲਿਆ ਮੈਂ ਆਪਣਾ। ਖ਼ੂਨ ਰੁਕੇ ਹੀ ਨਾ। ਗਿੱਲੀ ਪੱਟੀ ਬੰਨ੍ਹ ਬੁੰਨ ਕੇ ਦਫ਼ਤਰ ਪਹੁੰਚੀ। ਸਾਨੂੰ ਦੋਵਾਂ ਨੂੰ ਨਾ ਕਿਸੇ ਹਸਪਤਾਲ ਦਾ ਪਤਾ ਸੀ, ਨਾ ਕਿਸੇ ਕਲਿਨਿਕ ਦਾ। ਸਭ ਤੋਂ ਪਹਿਲਾਂ ਧਾਰਾ ਨੇ ਨੋਟਿਸ ਕੀਤਾ।
”ਇਹ ਕੀ ਹੋਇਆ ਮੈਮ? ਕਿੰਨੀ ਦੇਰ ਹੋਗੀ? ”
”ਦੋ ਘੰਟੇ” ਮੈਂ ਆਖਿਆ
”ਦੋ ਘੰਟੇ ਤੋਂ ਖ਼ੂਨ ਵਹਿ ਰਿਹੈ ਅਤੇ ਤੁਸੀਂ ਦਫ਼ਤਰ ਆ ਗਏ ਹੋ? ”
ਉਹ ਗੁੱਸੇ ‘ਚ ਸੀ। ਪਰਸੋਂ ਵੀ ਇੰਨੇ ਸਾਲਾਂ ਬਾਅਦ ਮਿਲੀ ਸੀ ਤਾਂ ਮੇਰੀ ਸਿਹਤ ਨੂੰ ਲੈ ਕੇ ਔਖੀ ਸੀ। ਉਸ ਦਿਨ ਉਹ ਮੈਨੂੰ ਚੌੜਾ ਮੈਦਾਨ ਦੇ ਸੁਮੇਹਾ ਕਲੀਨਿਕ ਲੈ ਗਈ। ਪੱਟੀ ਕਰਵਾਉਂਦਿਆਂ ਟੈਟਨਸ ਲਗਾਉਂਦਿਆਂ ਮੈਨੂੰ ਕੀ ਪਤਾ ਸੀ ਕਿਹੜੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਣ ਲੱਗੀ ਹੈ, ਜਿਹੜਾ ਜਨਮ ਜਨਮਾਂਤਰਾਂ ਤਕ ਚੱਲਣਾ ਹੈ। ਨਾ ਉਮਰ ਦਾ ਕੋਈ ਬੰਧਨ ਹੋਣਾ ਹੈ, ਨਾ ਭਾਸ਼ਾ ਦਾ, ਨਾ ਕਿਸੇ ਸਟੇਟ ਦੀ ਕੋਈ ਸੀਮਾ ਹੋਣੀ ਹੈ ਅਤੇ ਉਸ ਦਿਨ ਧਾਰਾ ਨੇ ਮੈਨੂੰ ਮਿਲਾ ਦਿੱਤਾ ਡਾਕਟਰ ਸੁਸ਼ਮਾ ਕੌਸ਼ਲ ਨਾਲ ਜਿਨ੍ਹਾਂ ਨੂੰ ਮਿਲ ਕੇ ਬਿਨਾਂ ਦਵਾਈ ਲੈ ਬੰਦਾ ਠੀਕ ਹੋ ਜਾਵੇ। ਜਿਹੜੇ ਡਾਕਟਰ ਬਾਅਦ ‘ਚ ਨੇ, ਪਹਿਲਾਂ ਨੇ ਇੱਕ ਫ਼ਾਈਨ ਹਿਊਮਨ ਬੀਇੰਗ, ਇੱਕ ਕਲਾਕਾਰ, ਲੇਖਕ, ਵਧੀਆ ਜੀਵਨ ਸਾਥੀ ਡਾਕਟਰ ਮਦਨ ਲਾਲ ਕੌਸ਼ਲ ਦੀ, ਰਿਟਾਇਰਡ ਹੈੱਡ ਬਲੱਡ ਬੈਂਕ IGMC, ਦੋ-ਦੋ ਪਿਆਰੇ ਬੱਚਿਆਂ ਦੀ ਮਾਂ ਅਤੇ ਇੱਕ ਮਾਸੂਮ ਜਿਹੀ ਆਰਟਿਸਟ ਦੀ ਨਾਨੀ। ਡਾਕਟਰ ਸੁਸ਼ਮਾ ਰੇਡੀਓ ਸ਼ਿਮਲਾ ਤੋਂ ਪ੍ਰੋਗਰਾਮ ਤਾਂ ਦਿੰਦੇ ਹੀ ਸਨ, ਰੇਡੀਓ ਸੁਣਦੇ ਵੀ ਸਨ ਅਤੇ ਸਾਰੇ ਪ੍ਰੋਗਰਾਮਾਂ ਦਾ ਰਿਵੀਯੂ ਉਹ ਕਰਦੇ। ਪ੍ਰੋਗਰਾਮ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ‘ਚ ਦੇਖਦੀ ਸੀ ਬਹੁਤੇ ਮੈਂਬਰਾਂ ਨੇ ਕੋਈ ਪ੍ਰੋਗਰਾਮ ਸੁਣਿਆ ਹੀ ਨਹੀਂ ਸੀ ਹੁੰਦਾ। ਅਗਲੀ ਵਾਰ ਮੈਂ ਮੈਡਮ ਦਾ ਨਾਂ ਭੇਜਿਆ ਸਿਹਤ ਵਾਲੇ ਕਾਲਮ ਵਿੱਚ। ਮਹਾਂ ਨਿਦੇਸ਼ਾਲਯ ਤੋਂ ਸਹਿਮਤੀ ਵੀ ਆ ਗਈ। ਮੈਡਮ ਹਰ ਮੀਟਿੰਗ ‘ਚ ਆਉਂਦੇ। ਸਾਰੇ ਪ੍ਰੋਗਰਾਮ ਸੁਣ ਕੇ ਹੀ ਆਉਂਦੇ ਅਤੇ ਬੜੇ ਅੱਛੇ ਸੁਝਾਅ ਦੇ ਕੇ ਜਾਂਦੇ।
ਡਾਕਟਰ ਸੁਸ਼ਮਾ ਰੇਡੀਓ ਅਤੇ TV ਦੇ ਇੱਕ ਅਪਰੂਵਡ ਸਿੰਗਰ ਹਨ। ਲੋਕ ਗੀਤ ਭਜਨ ਮਿੱਠੀ ਜਿਹੀ ਆਵਾਜ਼ ‘ਚ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਜਿੰਨੀ ਵਾਰ ਉਨ੍ਹਾਂ ਕੋਲ ਜਾਓ, ਬਹੁਤ ਸਾਰੀਆਂ ਕੇਸ ਹਿਸਟਰੀਜ਼ ਸੁਣਾਉਂਦੇ ਹਨ, ਜਾਗਰੂਕ ਕਰਨ ਦੇ ਮਕਸਦ ਨਾਲ।
ਇੱਕ ਵਾਰ ਉੱਨ੍ਹਾਂ ਨੂੰ ਕਿਹਾ ਕਿ ਆਪਾਂ ਰੇਡੀਓ ‘ਤੇ ਇੱਕ ਸੀਰੀਜ਼ ਸ਼ੁਰੂ ਕਰਦੇ ਹਾਂ, ਲੋਕ ਜਾਗਰੂਕ ਹੋਣਗੇ। ਓਦੋਂ ਚਾਈਲਡ ਐਬਿਊਜ਼ ਦੇ ਕੇਸ ਬਹੁਤ ਆਉਂਦੇ ਸਨ। ਸੀਰੀਜ਼ ਬਣਾਈ ਅਤੇ ਉਹ ਚੱਲੀ ਹੀ ਨਹੀਂ, ਬਹੁਤ ਵਧੀਆ ਚੱਲੀ। ਡਾਕਟਰ ਸਾਹਿਬ ਨੂੰ ਕਿਹਾ ਕਿ ਕੁੱਝ ਮਹੀਨਿਆਂ ਬਾਅਦ ਕਿਤਾਬ ਛਪਵਾ ਲੋ। ਛਪ ਗਈ, ਹਿੰਦੀ ‘ਚ ਹੈ ਕਿਤਾਬ।
ਸੋ, ਇਸ ਵਾਰ ਸ਼ਿਮਲਾ ਆਈ ਹਾਂ, ਉਹਦਾ ਅੰਗਰੇਜ਼ੀ ਸੰਸਕਰਣ ਵੀ ਆ ਗਿਆ ਹੋਇਐ। ਬਹੁਤ ਖ਼ੁਸ਼ੀ ਹੋਈ ਹੈ ਦੇਖ ਕੇ। ਦੂਰਦਰਸ਼ਨ ਸ਼ਿਮਲਾ ਤੋਂ ਵੀ ਕਿੰਨੇ ਹੀ ਇੰਟਰਵਿਊ ਉਨ੍ਹਾਂ ਦੇ ਟੈਲੀਕਾਸਟ ਹੋਏ ਹਨ।
ਭਜਨਾਂ ਦੀਆਂ ਐਲਬਮਾਂ ਵੀ ਬਹੁਤ ਵਧੀਆ ਹਨ ਸੁਸ਼ਮਾ ਜੀ ਦੀਆਂ। ਬਹੁਤ ਪਿਆਰੀ ਡਾਕਟਰ ਹੈ ਸੁਸ਼ਮਾ ਕੌਸ਼ਲ, ਵਧੀਆ ਇਨਸਾਨ ਹੈ।
ਇਸ ਵਾਰ ਅਸੀਂ ਸੋਚਿਆ ਹੈ ਕਿ ਬਨਾਰਸ ਅਤੇ ਗੰਗਾ ਸਾਗਰ ਜਾਵਾਂਗੀਆਂ ਦੋਨੋਂ ਜਾਣੀਆਂ, ਸਿਰਫ਼ ਦੋਨੋਂ। ਜ਼ਿੰਦਗੀ ਦੇ ਨਵੇਂ ਅਰਥ ਲੱਭਾਂਗੀਆਂ। ਸਾਰਨਾਥ ਵੀ ਦੇਖਣੈ ਅਤੇ ਸਿੱਧਾਰਥ ਨੂੰ ਵੀ ਮਿਲਣੈ ਅਤੇ ਬੁੱਧ ਨੂੰ ਪੁੱਛਣੈ, ਉਹ ਸਿੱਧਾਰਥ ਬਣਨਾ ਚਾਹੇਗਾ ਦੁਬਾਰਾ?
ਅਤੇ ਗੰਗਾ ਨਾਲ ਵੀ ਗੱਲ ਕਰਨੀ ਹੈ ਕਿ ਸਾਗਰ ‘ਚ ਸਮਰਪਿਤ ਹੋਣ ਤੋਂ ਬਾਅਦ ਉਹਨੂੰ ਕਦੇ ਆਪਣੀ ਯਾਦ ਆਈ ਜਾਂ ਨਹੀਂ? ਕਈ ਕੁੱਝ ਹੈ ਮਨ ਦੀ ਮਮਟੀ ‘ਚ। ਰੱਬ ਖ਼ੈਰ ਕਰੇ!