ਧਾਰਾ ਵਹਿੰਦੀ ਰਹੀ …
ਡਾਕਟਰ ਦੇਵਿੰਦਰ ਮਹਿੰਦਰੂ
21 ਨਵੰਬਰ 1996, ਸਵੇਰ ਦੇ ਨੌ ਦਸ ਵੱਜੇ ਹੋਣਗੇ, ਰੇਡੀਓ ਕਲੋਨੀ ਸਮਰਹਿੱਲ ਦੇ ਕੁਆਰਟਰ ‘ਚੋਂ ਨਿਕਲ ਕੇ ਗੱਡੀ ਵੱਲ ਜਾ ਰਹੇ ਸਾਂ। ਇੱਕ ਕੁੜੀ 30-32 ਸਾਲ ਦੀ, ਜ਼ੋਰ ਜ਼ੋਰ ਦੀ ਕੱਪੜੇ ਛੰਡ ਕੇ ਤਾਰ ‘ਤੇ ਸੁੱਕਣੇ ਪਾ ਰਹੀ ਸੀ। ਸੋਚਿਆ ਕਿ ਕਿਸੇ ਸਟਾਫ਼ ਮੈਂਬਰ ਦੀ ਬੀਵੀ, ਭੈਣ ਯਾ ਲੜਕੀ ਹੋਵੇਗੀ … ਗ੍ਰਹਿਸਥੀ ਜਿਹੀ ‘ਚ ਫ਼ਸੀ ਹੋਈ।
ਉਹਨੇ ਮੈਨੂੰ ਨਹੀਂ ਦੇਖਿਆ। ਪੌੜੀਆਂ ਚੜ੍ਹ ਕੇ ਪਾਰਕਿੰਗ ‘ਚ ਆਏ ਅਤੇ ਗੱਡੀ ‘ਚ ਬੈਠ ਕੇ ਪਹਿਲਾਂ ਬਾਲੂਗੰਜ ਥਾਣੇ ਦੇ ਸਾਹਮਣੇ ਵਾਲੀ ਦੁਕਾਨ ‘ਤੇ ਨਾਸ਼ਤਾ ਕੀਤਾ ਅਤੇ ਫ਼ੇਰ ਗੱਡੀ ਰੇਡੀਓ ਸਟੇਸ਼ਨ ਵੱਲ ਮੋੜ ਲਈ। ਅਨਿਲ ਚੱਢਾ ਨੇ ਸਾਰਾ ਕੁਝ ਸਮਝਾ ਕੇ ਭੇਜਿਆ ਸੀ ਜਦੋਂ ਉਹ ਸਵੇਰੇ ਸਾਡੇ ਲਈ ਆਪਣੇ ਘਰੋਂ ਚਾਹ ਬਣਾ ਕੇ ਲਿਆਇਆ ਸੀ। ਚਾਹ ਨਾਲੋਂ ਅੱਛਾ ਮੈਨੂੰ ਉਹਦਾ ਟੀ-ਸੈੱਟ ਅਤੇ ਟਰੇਅ ਲੱਗੇ ਸਨ।
ਉਸ ਦਿਨ ਦੋ ਚਾਰ ਅਰਜ਼ੀਆਂ ਦੇ ਕੇ ਅਸੀਂ ਜਲੰਧਰ ਚਲੇ ਗਏ। 26 ਦਸੰਬਰ ਨੂੰ ਛੁੱਟੀ ਤੋਂ ਵਾਪਿਸ ਆ ਕੇ ਮਹਿਤਾ ਜੀ ਕੋਲ ਬੈਠੀ ਸੀ ਕਿ ਇੰਟਰਕੌਮ ਫ਼ੋਨ ਆਇਆ। ਮਹਿਤਾ ਜੀ ਨੇ ‘ਤੁਹਾਡਾ ਹੈ’ ਕਹਿ ਕੇ ਮੈਨੂੰ ਫ਼ੜਾ ਦਿੱਤਾ ਫ਼ੋਨ ਦਾ ਰਸੀਵਰ। ਇੱਕ ਮਿੱਠੀ ਜਿਹੀ ਆਵਾਜ਼ ਨੇ ਕਿਹਾ, ”ਮੈਡਮ ਲਾਇਬ੍ਰੇਰੀ ‘ਚ ਆ ਜਾਓ ਪਲੀਜ਼।” ਇਹ ਧਾਰਾ ਸੀ। ਲਓ ਇਹ ਤਾਂ ਉਹੀ ਕੁੜੀ ਸੀ ਜਿਹੜੀ ਉਸ ਦਿਨ ਤਾਰਾਂ ਭਰੀ ਜਾ ਰਹੀ ਸੀ ਕੱਪੜੇ ਸੁੱਕਣੇ ਪਾਉਂਦਿਆਂ। ਉਨ੍ਹਾਂ ਚਾਹ ਅਤੇ ਕੁਝ ਖਾਣ ਪੀਣ ਦਾ ਸਮਾਨ ਮੰਗਵਾਇਆ ਹੋਇਆ ਸੀ। ਗੱਲਾਂ ਗੱਲਾਂ ‘ਚ ਮੈਂ ਧਾਰਾ ਨੂੰ ਕਿਹਾ, ”ਮੈਂ ਤੈਨੂੰ ਇੱਕ ਦੋ ਮਹੀਨੇ ਪਹਿਲਾਂ ਦੇਖਿਆ ਸੀ, ਤੂੰ ਕੱਪੜੇ ਸੁੱਕਣੇ ਪਾ ਰਹੀ ਸੀ।”
ਉਹ ਹੱਸ ਪਈ। ”ਤੁਹਾਨੂੰ ਗ਼ਲਤੀ ਲੱਗੀ ਏ ਮੈਡਮ। ਮੇਰੇ ਘਰ ਕੱਪੜੇ ਮੇਰੀ ਮੇਡ ਧੋਂਦੀ ਹੈ।”
”ਹੋ ਸਕਦੈ, ਮੈਨੂੰ ਗ਼ਲਤੀ ਲੱਗੀ ਹੋਵੇ,” ਮੈਂ ਹਾਸੇ ‘ਚ ਗੱਲ ਟਾਲ ਦਿੱਤੀ।
ਹਿਮਾਚਲ ਦਾ ਮਿਸਟਿਜ਼ਮ ਸ਼ੁਰੂ ਹੋ ਚੁੱਕਾ ਸੀ ਜਿਹੜਾ ਅੱਜ ਵੀ ਜਾਰੀ ਹੈ। ਬਹੁਤ ਵਧੀਆ ਕਲਾਕਾਰ ਹੈ ਧਾਰਾ। ਕੋਈ ਵੀ ਪ੍ਰੋਗਰਾਮ ਦੇ ਦਿਓ, ਇੰਨੀ ਅੱਛੀ ਤਰ੍ਹਾਂ ਪੇਸ਼ ਕਰੇਗੀ। ਕੁਝ ਲਿਖਣਾ ਹੋਵੇ ਤਾਂ ਜਾਨ ਲਾ ਦੇਵੇਗੀ। ਉਹਨੂੰ ਬਹੁਤ ਸ਼ੌਕ ਹੈ ਸਟੇਜ ਕੰਡਕਟ ਕਰਨ ਦਾ। ਕਿਸੇ ਤਰ੍ਹਾਂ ਦਾ ਵੀ ਸਟੇਜ ਪ੍ਰੋਗਰਾਮ ਹੋਵੇ, ਉਹ ਪੂਰੀ ਮਿਹਨਤ ਨਾਲ ਜਾਂਦੀ ਹੈ ਸਟੇਜ ‘ਤੇ।
ਇੰਟਰਵਿਊ ਕਰਨ ‘ਚ ਉਸ ਦਾ ਕੋਈ ਸਾਨੀ ਨਹੀਂ। ਵਧੀਆ ਡਰਾਮਾ ਆਰਟਿਸਟ ਹੈ ਅਤੇ ਸੋਹਣੀ ਕਵਿਤਾ ਲਿਖ ਲੈਂਦੀ ਹੈ ਉਹ। ਰਿਸ਼ਤੇ ਨਿਭਾਉਣਾ ਆਉਂਦਾ ਹੈ ਉਸ ਨੂੰ। ਮੈਂ ਉਹਨੂੰ ਆਪਣੇ ਬਾਬਾ ਦੀ ਸੇਵਾ ਕਰਦੇ ਦੇਖਿਆ ਹੈ, ਕੋਈ ਧੀ ਪੁੱਤ ਆਪਣੇ ਮਾਂ ਬਾਪ ਦੀ ਇੰਨੀ ਤਲੀਨਤਾ ਨਾਲ ਸੇਵਾ ਕਰਦਾ ਮੈਂ ਨਹੀਂ ਦੇਖਿਆ ਸੀ ਕਦੇ। ਉਹ ਬਹੁਤ ਪਿਆਰੀ ਸਹੇਲੀ ਹੈ। ਮੈਨੂੰ ਉਹਨੇ ਬੜੇ ਔਖੇ ਸਮਿਆਂ ‘ਚ ਸਹਾਰਾ ਦਿੱਤਾ ਹੈ। ਸ਼ੁਕਰੀਆ ਧਾਰਾ, ਉਹ ਸਭ ਕਰਨ ਲਈ ਜੋ ਤੂੰ ਮੇਰੇ ਲਈ ਕੀਤਾ। ਦੂਰਦਰਸ਼ਨ ਜਾ ਕੇ ਵੀ ਊਹਨੇ ਓਨੀ ਹੀ ਸਫ਼ਲਤਾ ਪਾਈ।
ਖ਼ੁਸ਼ੀ ਹੈ ਉਹ ਦੁਬਾਰਾ ਰੇਡੀਓ ‘ਚ ਆ ਗਈ ਹੈ। ਪਿਆਰੀ ਧਾਰਾ ਨਿਰੰਤਰ ਵਹਿ ਰਹੀ ਹੈ ਅਤੇ ਵਹਿੰਦੀ ਹੀ ਰਹੇ। ਉਹਦੇ ਵਾਸਤੇ ਦਿਲੋਂ ਦੁਆ ਨਿਕਲਦੀ ਹੈ।
ਚਲਦਾ …















