ਈਸਟ ਰਦਰਫ਼ੋਰਡ, 27 ਜੂਨ (ਚ.ਨ.ਸ.) : ਸਟਾਰ ਫ਼ੁੱਟਬਾਲਰ ਲਿਓਨਲ ਮੈਸੀ ਤੋਂ ਫ਼ੈਸਲਾਕੁੰਨ ਮੌਕੇ ‘ਤੇ ਹੋਈ ਗਲਤੀ ਕਾਰਨ ਚਿਲੀ ਨੇ ਅਰਜਨਟੀਨਾ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਕੋਪਾ ਅਮਰੀਕਾ ਫ਼ੁੱਟਬਾਲ ਟੂਰਨਾਮੈਂਟ ਦੇ ਖਿਤਾਬ ‘ਤੇ ਲਗਾਤਾਰ ਦੂਜੀ ਵਾਰ ਕਬਜ਼ਾ ਕਰ ਲਿਆ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਿਤਾਬੀ ਰਾਊਂਡ ‘ਚ ਪਹੁੰਚੀ ਚਿੱਲੀ ਅਤੇ ਅਰਜਨਟੀਨਾ ਦੀਆਂ ਟੀਮਾਂ ਵਿੱਚਕਾਰ ਸਖਤ ਟੱਕਰ ਦੇਖਣ ਨੂੰ ਮਿਲੀ। ਨਿਰਧਾਰਿਤ 90 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਅਤੇ ਇਸ ਦੇ ਬਾਅਦ 30 ਮਿੰਟ ਦੇ ਵਾਧੂ ਸਮੇਂ ਦੇ ਬਾਅਦ ਵੀ ਮੁਕਾਬਲਾ ਗੋਲ ਰਹਿਤ ਬਰਾਬਰੀ ‘ਤੇ ਰਿਹਾ। ਜਿਸ ਦੇ ਬਾਅਦ ਜੇਤੂ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਦੇ ਰਾਹੀ ਹੋਇਆ।
ਪੈਨਲਟੀ ਸ਼ੂਟਆਊਟ ‘ਚ ਚਿੱਲੀ ਵੱਲੋਂ ਕੈਸਿਟਲੋ, ਚਾਰਲਸ ਏਰੇਨਗੂਈਜ਼, ਜਿਨ ਬੀਯੂਸੇਓਰ ਅਤੇ ਫ਼ਰਾਂਸਿਕੋ ਸਿਲਵਾ ਨੇ ਗੋਲ ਦਾਗੇ, ਜਦਕਿ ਵਿਡਾਲ ਮੌਕੇ ‘ਤੋਂ ਖੁੰਝ ਗਏ। ਅਰਜਨਟੀਨਾ ਵੱਲੋਂ ਮੈਸਕਰਾਨੋ ਅਤੇ ਸਰਗੀਯੋ ਏਗਯੂਰੋ ਹੀ ਗੋਲ ਕਰ ਸਕੇ, ਜਦਕਿ ਮੈਸੀ ਅਤੇ ਲੁਕਾਸ ਬਿਗਲਿਆ ਨੇ ਆਪਣੇ ਮੌਕੇ ਗੁਆ ਦਿੱਤੇ। ਇਹ ਮੁਕਾਬਲਾ ਪਿਛਲੇ ਸਾਲ ਦੀ ਤਰ੍ਹਾਂ ਰਿਹਾ, ਜਦੋਂ ਗੋਲਰਹਿਤ ਬਰਾਬਰੀ ਦੇ ਬਾਅਦ ਚਿਲੀ ਨੇ ਫ਼ਾਈਨਲ ‘ਚ ਅਰਜਨਟੀਨਾ ਨੂੰ ਹਰਾਉਂਦੇ ਹੋਏ ਕੋਪਾ ਅਮਰੀਕਾ ਖਿਤਾਬ ਆਪਣੇ ਨਾਂ ਕੀਤਾ।












