ਬੰਦ ਨਹੀਂ ਹੋਈਆਂ ਮਸਾਲਾ ਫ਼ਿਲਮਾਂ ਬਣਨੀਆਂ: ਕ੍ਰਿਤੀ ਸੈਨਨ

ਅਦਾਕਾਰਾ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਉਹ ਨਹੀਂ ਮੰਨਦੀ ਕਿ ਬੌਲੀਵੁਡ ਨੇ ਮਸਾਲੇਦਾਰ ਮਨੋਰੰਜਨ ਘਟਾਇਆ ਹੈ ਕਿਉਂਕਿ ਇਹ ਦਰਸ਼ਕਾਂ ਦੀ ਪਹਿਲੀ ਪਸੰਦ ਹਨ। ਜਾਣਕਾਰੀ ਅਨੁਸਾਰ ਅਦਾਕਾਰਾ ਦੀ ਅਕਸ਼ੈ ਕੁਮਾਰ ਨਾਲ ਆ ਰਹੀ ਫ਼ਿਲਮ ਬੱਚਨ ਪਾਂਡੇ ਇੱਕ ਕਮਰਸ਼ਲ ਫ਼ਿਲਮ ਹੈ। ਕ੍ਰਿਤੀ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਅਸੀਂ ਵੱਡੀਆਂ ਕਮਰਸ਼ਲ ਜਾਂ ਮਸਾਲੇਦਾਰ ਫ਼ਿਲਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਹਨ ਸਗੋਂ ਅਜਿਹੀਆਂ ਕਾਫ਼ੀ ਫ਼ਿਲਮਾਂ ਰਿਲੀਜ਼ ਨਹੀਂ ਹੋਈਆਂ। ਫ਼ਿਲਮਾਂ ਦੀ ਕਤਾਰ ਲੱਗੀ ਹੋਈ ਹੈ, ਅਤੇ ਇਨ੍ਹਾਂ ਸਾਰੀਆਂ ਫ਼ਿਲਮਾਂ ਦੇ ਸਫ਼ਲ ਹੋਣ ਦੀ ਸੰਭਾਵਨਾ ਹੈ। ਅਸੀਂ ਅਜਿਹਾ ਇਸ ਲਈ ਮਹਿਸੂਸ ਕਰਦੇ ਹਾਂ ਕਿਉਂਕਿ ਥੋੜ੍ਹੇ ਜਿਹੇ ਸਮੇਂ ‘ਚ ਆਈਆਂ ਪੱਛਮ ਦੀਆਂ ਕੁੱਝ ਫ਼ਿਲਮਾਂ ਨੇ ਚੰਗੀ ਛਾਪ ਛੱਡੀ ਹੈ। ਇਨ੍ਹਾਂ ਫ਼ਿਲਮਾਂ ਨੇ ਸੱਚਮੁਚ ਚੰਗਾ ਕਾਰੋਬਾਰ ਕੀਤਾ। ਜਦੋਂ ਤਕ ਦਰਸ਼ਕ ਹਨ ਤਾਂ ਅਜਿਹੀਆਂ ਫ਼ਿਲਮਾਂ ਬਣਦੀਆਂ ਰਹਿਣਗੀਆਂ।”ਬੌਲੀਵੁਡ ਨੇ ਪਿਛਲੇ ਸਾਲ ਕਈ ਹਿੱਟ ਫ਼ਿਲਮਾਂ ਦਿੱਤੀਆਂ ਜਿਨ੍ਹਾਂ ‘ਚ ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ, ਤਾਮਿਲ ਅਤੇ ਤੇਲਗੂ ਫ਼ਿਲਮਾਂ ਮਾਸਟਰ ਅਤੇ ਪੁਸ਼ਪਾ ਨੂੰ ਸ਼ਾਨਦਾਰ ਸਫ਼ਲਤਾਵਾਂ ਮਿਲੀਆਂ। ਫ਼ਿਲਮ ਬੱਚਨ ਪਾਂਡੇ ‘ਚ ਕ੍ਰਿਤੀ ਸੈਨਨ ਮਾਇਰਾ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਦਾ ਨਿਰਮਾਤਾ ਸਾਜਿਦ ਨਡਿਆਡਵਾਲਾ ਹੈ ਅਤੇ ਇਸ ‘ਚ ਜੈਕਲੀਨ ਫ਼ਰਨੈਂਡੇਜ਼ ਅਤੇ ਅਰਸ਼ਦ ਵਾਰਸੀ ਨੇ ਵੀ ਕੰਮ ਕੀਤਾ ਹੈ।