ਕਟਹਲ ‘ਚ ਪੁਲੀਸ ਕਰਮੀ ਦੀ ਭੂਮਿਕਾ ਨਿਭਾਵੇਗੀ ਸਾਨੀਆ ਮਲਹੋਤਰਾ

OTT ਪਲੈਟਫ਼ੌਰਮ ਨੈੱਟਫ਼ਲਿਕਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਕਟਹਲ ਲਈ ਅਦਾਕਾਰਾ ਸਾਨੀਆ ਮਲਹੋਤਰਾ ਨੂੰ ਲਿਆ ਹੈ। ਇਸ ਫ਼ਿਲਮ ਜ਼ਰੀਏ ਯਸ਼ੋਵਰਧਨ ਮਿਸ਼ਰਾ ਨਿਰਦੇਸ਼ਨ ਦੀ ਦੁਨੀਆ ‘ਚ ਕਦਮ ਰੱਖੇਗਾ ਅਤੇ ਲੇਖਕ ਅਸ਼ੋਕ ਮਿਸ਼ਰਾ ਨਾਲ ਮਿਲ ਕੇ ਉਸ ਨੇ ਇਹ ਫ਼ਿਲਮ ਲਿਖੀ ਹੈ। ਛੋਟੇ ਜਿਹੇ ਕਸਬੇ ‘ਚ ਬਣੀ ਫ਼ਿਲਮ ਕਟਹਲ ਇੱਕ ਸਥਾਨਕ ਸਿਆਸੀ ਆਗੂ ਦੁਆਲੇ ਘੁੰਮਦੀ ਹੈ ਜਿਸ ਦੇ ਕੀਮਤੀ ਕਟਹਲ (ਜੈਕਫ਼ਰੂਟ) ਗੁੰਮ ਜਾਂਦੇ ਹਨ ਅਤੇ ਇੱਕ ਨੌਜਵਾਨ ਪੁਲੀਸ ਅਫ਼ਸਰ ਮਹਿਮਾ (ਮਲਹੋਤਰਾ) ਇਸ ਅਜੀਬ ਕੇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਹ ਫ਼ਿਲਮ ਨੈੱਟਫ਼ਲਿਕਸ, ਨਿਰਮਾਤਾ ਗੁਨੀਤ ਮੋਂਗਾ ਦੇ ਸਿੱਖਿਆ ਐਂਟਰਟੇਨਮੈਂਟ ਅਤੇ ਬਾਲਾਜੀ ਟੈਲੀਫ਼ਿਲਮਜ਼ ਲਿਮਟਿਡ ਦੇ ਬੈਨਰ ਬਣਾਈ ਜਾ ਰਹੀ ਹੈ। ਸਿੱਖਿਆ ਐਂਟਰਟੇਨਮੈਂਟ ਦੀ CEO ਮੋਂਗਾ ਨੇ ਕਿਹਾ, ”ਯਸ਼ੋਵਰਧਨ ਤੇ ਅਸ਼ੋਕ ਮਿਸ਼ਰਾ ਅਤੇ ਕਟਹਲ ਪਿੱਛੇ ਕੰਮ ਕਰਦੇ ਲੇਖਕਾਂ ਅਤੇ ਕਲਪਨਾਕਾਰਾਂ ਨੇ ਸਾਨੂੰ ਇੱਕ ਜਾਦੂਈ ਦੁਨੀਆਂ ਦਿਖਾਈ ਅਤੇ ਅਸੀਂ ਹੋਰ ਉਡੀਕ ਨਹੀਂ ਕਰ ਸਕਦੇ ਕਿ ਇਹ ਹਰ ਕਿਸੇ ਦੇ ਜੀਵਨ ਦੇ ਮਨੋਰੰਜਨ ਦਾ ਹਿੱਸਾ ਬਣੇ।”ਸਹਿ-ਨਿਰਮਾਤਾ ਅਤੇ ਬਾਲਾਜੀ ਟੈਲੀਫ਼ਿਲਮਜ਼ ਦੀ ਕਾਰਜਕਾਰੀ ਮੀਤ ਪ੍ਰਧਾਨ ਰੁਚਿਕਾ ਕਪੂਰ ਸ਼ੇਖ਼ ਨੇ ਕਿਹਾ ਕਿ ਪਿਛਲੇ ਸਾਲ ਪਗਲੈੱਟ ਦੀ ਸਫ਼ਲਤਾ ਤੋਂ ਬਾਅਦ, ਜਿਸ ‘ਚ ਮਲਹੋਤਰਾ ਨੇ ਵੀ ਕੰਮ ਕੀਤਾ ਸੀ, ਉਹ ਸਿੱਖਿਆ ਅਤੇ ਨੈੱਟਫ਼ਲਿਕਸ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹੈ। ਫ਼ਿਲਮ ਕਟਹਲ ‘ਚ ਆਲਟ ਬਾਲਾਜੀ ਦੀ ਵੈੱਬਸੀਰੀਜ਼ ਵਰਜਿਨ ਭਾਸਕਰ ‘ਚ ਭਾਸਕਰ ਤ੍ਰਿਪਾਠੀ ਦੀ ਭੂਮਿਕਾ ਨਿਭਾਉਣ ਵਾਲਾ ਅਨੰਤ ਜੋਸ਼ੀ ਵੀ ਦਿਖਾਈ ਦੇਵੇਗਾ।