ਮੁਏਲਹੇਮ ਐਨ ਡੇਰ ਰੂਹਰ: ਓਲੰਪਿਕਸ ‘ਚ ਦੋ ਵਾਰ ਤਮਗ਼ਾ ਜੇਤੂ ਪੀ.ਵੀ.ਸਿੰਧੂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ ਸ਼੍ਰੀਕਾਂਤ ਨੇ ਇੱਥੇ ਇੱਕ ਲੱਖ 80 ਹਜ਼ਾਰ ਡਾਲਰ ਇਨਾਮੀ ਰਾਸ਼ੀ ਦੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ।
ਸਤਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕਪਾਸੜ ਮੁਕਾਬਲੇ ‘ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫ਼ਾਨ ਨੂੰ 21-8,21-7 ਨਾਲ ਹਰਾਇਆ ਜਦ ਕਿ ਅੱਠਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫ਼ਰਾਂਸ ਦੇ ਵਿਸ਼ਵ ‘ਚ 39ਵੇਂ ਨੰਬਰ ਦੇ ਖਿਡਾਰੀ ਬ੍ਰਾਇਸ ਲੀਵਰਡੇਜ਼ ਨੂੰ 48 ਮਿੰਟ ‘ਚ 21-10, 13-21, 21-7 ਨਾਲ ਹਰਾਇਆ। ਸਿੰਧੂ ਦੀ ਇਹ ਥਾਈਲੈਂਡ ਦੀ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰੀ ਦੇ ਖ਼ਿਲਾਫ਼ 15ਵੀਂ ਜਿੱਤ ਹੈ ਜਦਕਿ ਸ਼੍ਰੀਕਾਂਤ ਨੇ ਲੀਵਰਡੇਜ਼ ਦੇ ਖ਼ਿਲਾਫ਼ ਆਪਣਾ ਰਿਕਾਰਡ 4-0 ਕਰ ਦਿੱਤਾ।
ਸਿੰਧੂ ਦਾ ਅਗਲਾ ਮੁਕਾਬਲਾ ਸਪੇਨ ਦੀ ਬ੍ਰੀਟਿਜ਼ ਕੋਰਾਲੇਸ ਜਾਂ ਚੀਨ ਦੀ ਚਯਾਂਗ ਯੀ ਮੈਨ ਨਾਲ ਜਦ ਕਿ ਸ਼੍ਰੀਕਾਂਤ ਦਾ ਸਾਹਮਣਾ ਚੀਨ ਦੇ ਲੂ ਗੁਆਂਗ ਜੂ ਨਾਲ ਹੋਵੇਗਾ। ਸ਼੍ਰੀਕਾਂਤ ਦਾ ਉਨ੍ਹਾਂ ਦੇ ਖ਼ਿਲਾਫ਼ ਰਿਕਾਰਡ 2-0 ਦਾ ਹੈ। ਸ਼੍ਰੀਕਾਂਤ ਕੋਰੋਨਾ ਪੌਜ਼ੇਟਿਵ ਹੋਣ ਕਾਰਨ ਜਨਵਰੀ ‘ਚ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਸਾਈ ਪ੍ਰਤੀਕ ਅਤੇ ਐੱਨ.ਸਿੱਕੀਰੈੱਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਥਾਈਲੈਂਡ ਦੇ ਡੋਚਾਪੋਲ ਪੁਵਾਰਾਨੁਕ੍ਰੋਹ ਅਤੇ ਸਪਿਸਰੀ ਤੇਰਤਨਾਈਚਾਈ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਤੋਂ ਪਹਿਲੇ ਹੀ ਦੌਰ ‘ਚ 19-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।












