ਪੋਰਟ ਆਫ਼ ਸਪੇਨ: ਇੰਗਲੈਂਡ ਦੀ ਸਰਜ਼ਮੀਂ ‘ਤੇ 1950 ‘ਚ ਪਹਿਲੀ ਵਾਰ ਸੀਰੀਜ਼ ਜਿੱਤਣ ਵਾਲੀ ਵੈੱਸਟ ਇੰਡੀਜ਼ ਦੀ ਟੀਮ ਦੇ ਮੈਂਬਰ ਰਹੇ ਧਾਕੜ ਸਪਿਨਰ ਸੋਨੀ ਰਾਮਦੀਨ ਦਾ ਦਿਹਾਂਤ ਹੋ ਗਿਆ ਹੈ। ਕ੍ਰਿਕਟ ਵੈੱਸਟ ਇੰਡੀਜ਼ (CWI) ਨੇ ਇਹ ਜਾਣਕਾਰੀ ਦਿੱਤੀ। ਰਾਮਦੀਨ ਭਾਰਤੀ ਮੂਲ ਦੇ ਵੈੱਸਟ ਇੰਡੀਜ਼ ਦਾ ਕ੍ਰਿਕਟਰ ਅਤੇ 92 ਸਾਲ ਦਾ ਸੀ।
ਇੰਗਲੈਂਡ ਖ਼ਿਲਾਫ਼ 1950 ‘ਚ ਓਲਡ ਟ੍ਰੈਫ਼ਰਡ ‘ਚ ਡੈਬੀਊ ਕਰਨ ਵਾਲੇ ਰਾਮਦੀਨ ਨੇ 43 ਟੈੱਸਟਾਂ ‘ਚ 28.98 ਦੀ ਔਸਤ ਨਾਲ 158 ਵਿਕਟਾਂ ਝਟਕਾਈਆਂ। CWI ਦੇ ਪ੍ਰਧਾਨ ਰਿਕੀ ਸਕੇਰਿਟ ਨੇ ਐਤਵਾਰ ਨੂੰ ਕਿਹਾ, ”ਕ੍ਰਿਕਟ ਵੈੱਸਟ ਇੰਡੀਜ਼ ਵਲੋਂ ਵੈੱਸਟ ਇੰਡੀਜ਼ ਦੇ ਚੋਟੀ ਦੇ ਖਿਡਾਰੀਆਂ ‘ਚ ਸ਼ਾਮਿਲ ਰਹੇ ਸੋਨੀ ਰਾਮਦੀਨ ਦੇ ਪਰਿਵਾਰ ਤੇ ਦੋਸਤਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।”
ਉਨ੍ਹਾਂ ਕਿਹਾ, ”ਵਿਸ਼ਵ ਕ੍ਰਿਕਟ ‘ਚ ਕਦਮ ਰਖਦੇ ਹੀ ਰਾਮਦੀਨ ਨੇ ਆਪਣਾ ਪ੍ਰਭਾਵ ਛੱਡਿਆ। 1950 ਦੇ ਦੌਰੇ ‘ਤੇ ਉਸ ਦੀ ਸ਼ਾਨਦਾਰ ਉਪਲਬਧੀਆਂ ਦੀਆਂ ਕਈ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਜਦੋਂ ਉਸ ਨੇ ਐਲਫ਼ ਵੈਲੇਂਟਾਈਨ ਨਾਲ ਮਿਲ ਕੇ ਕ੍ਰਿਕਟ ਦੀ ਸਪਿਨ ਟਵਿਨ ਜੋੜੀ ਬਣਾਈ ਜਿਸ ਨਾਲ ਵੈੱਸਟ ਇੰਡੀਜ਼ ਨੇ ਇੰਗਲੈਂਡ ਨੂੰ ਪਹਿਲੀ ਵਾਰ ਉਸ ਦੀ ਸਰਜ਼ਮੀਂ ‘ਤੇ ਹਰਾਇਆ।” ਰਾਮਦੀਨ ਨੇ ਇੰਗਲੈਂਡ ‘ਚ ਵੈੱਸਟ ਇੰਡੀਜ਼ ਦੀ ਪਹਿਲੀ ਟੈੱਸਟ ਜਿੱਤ ਦੌਰਾਨ ਲੌਰਡਜ਼ ‘ਚ ਹੋਏ ਇੱਕ ਮੈਚ ‘ਚ 152 ਦੌੜਾਂ ਦੇ ਕੇ 11 ਵਿਕਟਾਂ ਝਟਕਾਈਆਂ ਸਨ। ਵੈੱਸਟ ਇੰਡੀਜ਼ ਨੇ 1950 ‘ਚ ਇਹ ਸੀਰੀਜ਼ 3-1 ਨਾਲ ਜਿੱਤੀ ਸੀ।












