ਨਵੀਂ ਦਿੱਲੀ: ਰੋਹਿਤ ਸ਼ਰਮਾ ਦਾ ਕਪਤਾਨ ਦੇ ਰੂਪ ‘ਚ ਪਹਿਲਾ ਟੈੱਸਟ ਭਾਰਤ ਦੇ ਮੱਧਕ੍ਰਮ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਜਿਸ ‘ਚ ਸ਼ੁਭਮਨ ਗਿੱਲ ਅਤੇ ਹਨੁਮਾ ਵਿਹਾਰੀ ਨੂੰ ਤਜਰਬੇਕਾਰ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦੀ ਜਗ੍ਹਾ ਲੈਣ ਲਈ ਤਿਆਰ ਕੀਤਾ ਜਾਵੇਗਾ। ਇਹ ਹੁਣ ਸਪੱਸ਼ਟ ਹੈ ਕਿ ਰਹਾਨੇ ਅਤੇ ਪੁਜਾਰਾ ਨੂੰ ਇਸ ਸੀਜ਼ਨ ‘ਚ ਹੋਣ ਵਾਲੇ ਤਿੰਨ ਟੈੱਸਟ ਮੈਚਾਂ (ਸ਼੍ਰੀ ਲੰਕਾ ਵਿਰੁੱਧ ਦੋ ਅਤੇ ਇੰਗਲੈਂਡ ਵਿਰੁੱਧ ਇੱਕ) ਲਈ ਟੀਮ ‘ਚ ਨਹੀਂ ਰੱਖਿਆ ਜਾਵੇਗਾ। ਇਨ੍ਹਾਂ ਮੈਚਾਂ ‘ਚ ਵਿਹਾਰੀ ਅਤੇ ਗਿੱਲ ਇਨ੍ਹਾਂ ਦੋਵਾਂ ਦੇ ਬਦਲ ਹੋਣਗੇ ਜਦਕਿ ਸ਼੍ਰੇਅਸ ਅਈਅਰ ਨੂੰ ਬੈਕਅਪ ਦੇ ਤੌਰ ‘ਤੇ ਰੱਖਿਆ ਜਾਵੇਗਾ।
ਭਾਰਤ ਨੇ ਕੇਪਟਾਊਨ ‘ਚ ਜਿਹੜਾ ਆਖ਼ਰੀ ਟੈੱਸਟ ਮੈਚ ਖੇਡਿਆ ਸੀ, ਉਸ ‘ਚ ਦੋ ਸਥਾਨ ਖਾਲੀ ਹਨ ਅਤੇ ਜਦੋਂ ਕਿ ਵਿਰਾਟ ਕੋਹਲੀ ਮੋਹਾਲੀ ‘ਚ ਆਪਣਾ 100ਵਾਂ ਟੈੱਸਟ ਮੈਚ ਖੇਡਣ ਲਈ ਉਤਰੇਗਾ ਤਦ ਇਹ ਤਿੰਨੇ ਨੌਜਵਾਨ ਖਿਡਾਰੀ ਇਨ੍ਹਾਂ ਸਥਾਨਾਂ ‘ਤੇ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ‘ਤੇ ਪਿਛਲੇ ਇੱਕ ਦਹਾਕੇ ਤੋਂ ਪੁਜਾਰਾ ਅਤੇ ਰਹਾਨੇ ਦਾ ਕਬਜ਼ਾ ਰਿਹਾ ਸੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਤਿੰਨੇ ਫ਼ਿੱਟ ਰਹਿੰਦੇ ਹਨ ਤਾਂ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੈੱਸਟ ਮੈਚ ‘ਚੋਂ ਕਿਸ ਨੂੰ ਬਾਹਰ ਬਿਠਾਇਆ ਜਾਵੇਗਾ? ਗਿੱਲ ਹੁਣ ਖੇਡਣ ਲਈ ਤਿਆਰ ਹਠ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਉਸ ਨੂੰ ਮੱਧ ਕ੍ਰਮ ‘ਚ ਉਤਾਰਨਾ ਪਸੰਦ ਕਰੇਗਾ। ਇਸ ਦੀ ਪੂਰੀ ਸੰਭਾਵਨਾ ਹੈ ਕਿ ਗਿੱਲ ਨੂੰ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਤੋਂ ਬਾਅਦ ਤੀਜੇ ਨੰਬਰ ‘ਤੇ ਉਤਾਰਿਆ ਜਾਵੇਗਾ।
ਸਾਬਕਾ ਭਾਰਤੀ ਓਪਨਰ ਦੇਵਾਂਗ ਗਾਂਧੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੰਬਰ ਤਿੰਨ ਲਈ ਸ਼ੁਭਮਨ ਗਿੱਲ ਸਭ ਤੋਂ ਚੰਗਾ ਬਦਲ ਹੈ। ਉਹ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ, ਪਰ ਰੋਹਿਤ ਦੇ ਨਾਲ ਪਾਰੀ ਦਾ ਆਗ਼ਾਜ਼ ਕਰਨ ਲਈ ਮਯੰਕ ਹੈ ਅਤੇ ਅਜਿਹੇ ‘ਚ ਸ਼ੁਭਮਨ ਲਈ ਤੀਜਾ ਨੰਬਰ ਆਦਰਸ਼ ਹੋਵੇਗਾ। ਜਨਵਰੀ 2021 ਤਕ ਰਾਸ਼ਟਰੀ ਚੋਣਕਾਰ ਰਹੇ ਗਾਂਧੀ ਨੇ ਕਿਹਾ ਕਿ ਆਸਟਰੇਲੀਆ ‘ਚ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਟੈੱਸਟ ਕ੍ਰਿਕਟ ‘ਚ ਡੈਬੀਊ ਕਰਨ ਤੋਂ ਪਹਿਲਾਂ ਗਿੱਲ ਨੂੰ ਸ਼ੁਰੂ ‘ਚ ਮੱਧਕ੍ਰਮ ਦੀ ਭੂਮਿਕਾ ਲਈ ਤਿਆਰ ਕੀਤਾ ਜਾ ਰਿਹਾ ਸੀ। ਗਾਂਧੀ ਨੇ ਕਿਹਾ ਕਿ ਮੈਨੂੰ ਕਿਉਂ ਲੱਗਦਾ ਹੈ ਕਿ ਟੀਮ ਮੈਨੇਜਮੈਂਟ ਉਸ ਨੂੰ ਨੰਬਰ ਤਿੰਨ ‘ਤੇ ਉਤਾਰ ਸਕਦੀ ਹੈ ਕਿਉਂਕਿ ਜਦੋਂ ਅਸੀਂ ਉਸ ‘ਤੇ ਧਿਆਨ ਦਿੱਤਾ ਸੀ ਤਦ ਉਸ ਨੇ ਵੈੱਸਟ ਇੰਡੀਜ਼-A ਵਿਰੱਧ ਮੱਧਕ੍ਰਮ ‘ਚ ਖੇਡਦੇ ਹੋਏ ਦੋਹਰਾ ਸੈਂਕੜਾ ਲਗਾਇਆ ਸੀ।
ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਟੈੱਸਟ ਮੈਚਾਂ ‘ਚ ਪਾਰੀ ਦੀ ਸ਼ੁਰੂਆਤ ਕਰ ਚੁੱਕਾ ਹੈ, ਅਤੇ ਨੰਬਰ ਤਿੰਨ ‘ਤੇ ਉਹ ਨਵੀਂ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਖੇਡ ਸਕਦਾ ਹੈ। ਰਹਾਨੇ ਮੁੱਖ ਰੂਪ ਨਾਲ ਨੰਬਰ ਪੰਜ ‘ਤੇ ਬੱਲੇਬਾਜ਼ੀ ਕਰਦਾ ਸੀ, ਪਰ ਪੂਰੀ ਸੰਭਾਵਨਾ ਹੈ ਕਿ ਦ੍ਰਾਵਿੜ ਅਤੇ ਰੋਹਿਤ ਇਸ ਨੰਬਰ ‘ਤੇ ਰਿਸ਼ਭ ਪੰਤ ਨੂੰ ਉਤਾਰ ਸਕਦੇ ਹਨ ਜਦਕਿ ਵਿਹਾਰੀ ਛੇਵੇਂ ਨੰਬਰ ‘ਤੇ ਉਤਰੇਗਾ।












