ਨਵੀਂ ਦਿੱਲੀ: ਭਾਰਤ ਦਾ ਸਟਾਈਲਿਸ਼ ਬੱਲੇਬਾਜ਼ ਕੇ. ਐੱਲ. ਰਾਹੁਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ, ਪਰ ਹੁਣ ਉਹ ਮੈਦਾਨ ਤੋਂ ਬਾਹਰ ਆਪਣੇ ਨੇਕ ਕੰਮਾਂ ਲਈ ਵੀ ਮੀਡੀਆ ਦੀਆਂ ਸੁਰਖ਼ੀਆਂ ‘ਚ ਬਣਿਆ ਹੋਇਆ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਹਾਲ ਹੀ ‘ਚ ਇੱਕ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਉਨ੍ਹਾਂ ਦੀ ਸ਼ਲਾਘਾ ਕਰਦੇ ਥੱਕ ਨਹੀਂ ਰਿਹਾ। ਉਸ ਨੇ 11 ਸਾਲ ਦੇ ਵਾਰਥ ਦੀ ਸਰਜਰੀ ‘ਚ ਮਦਦ ਕੀਤੀ ਹੈ। ਇਸ ਨੇਕ ਕੰਮ ਨਾਲ ਉਨ੍ਹਾਂ ਨੇ ਫ਼ੈਨਜ਼ ਦਾ ਦਿਲ ਜਿੱਤ ਲਿਆ ਹੈ।
ਦਰਅਸਲ 11 ਸਾਲ ਦੇ ਵਾਰਥ ਨੂੰ ਇੱਕ ਦੁਰਲਭ ਬੀਮਾਰੀ ਹੈ ਜਿਸ ਦੇ ਇਲਾਜ ਲਈ ਉਸ ਨੂੰ ਤੁਰੰਤ ਟਰਾਂਸਪਲਾਂਟ ਦੀ ਜ਼ਰੂਰਤ ਸੀ, ਪਰ ਇਲਾਜ ਲਈ ਵਾਰਥ ਦੇ ਮਾਤਾ-ਪਿਤਾ ਕੋਲ ਰੁਪਏ ਨਹੀਂ ਸਨ। ਇਸ ਲਈ ਉਸ ਨੇ ਇੱਕ ਮੁਹਿੰਮ ਤਹਿਤ 35 ਲੱਖ ਰੁਪਏ ਇਕੱਠੇ ਵੀ ਕਰ ਲਏ, ਪਰ ਜਿਵੇਂ ਹੀ ਇਸ ਦਾ ਪਤਾ ਕੇ. ਐੱਲ. ਰਾਹੁਲ ਨੂੰ ਲੱਗਾ ਤਾਂ ਉਸ ਨੇ ਬਿਨਾ ਸਮਾਂ ਗੁਆਏ 31 ਲੱਖ ਰੁਪਏ ਦੇ ਦਿੱਤੇ।
ਇਸ ਬਾਰੇ ‘ਚ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਰਾਹੁਲ ਨੇ ਕਿਹਾ, ”ਜਦੋਂ ਮੈਨੂੰ ਵਾਰਥ ਦੀ ਸਥਿਤੀ ਬਾਰੇ ਪਤਾ ਲੱਗਾ ਤਾਂ ਮੈਂ ਆਪਣੀ ਟੀਮ ਨਾਲ ਰਾਬਤਾ ਕਾਇਮ ਕੀਤਾ ਤਾਂ ਜੋ ਅਸੀਂ ਵਾਰਥ ਦੀ ਮਦਦ ਕਰ ਸਕੀਏ। ਮੈਨੂੰ ਖ਼ੁਸ਼ੀ ਹੈ ਕਿ ਸਰਜਰੀ ਸਫ਼ਲ ਰਹੀ ਅਤੇ ਉਹ ਚੰਗਾ ਮਹਿਸੂਸ ਕਰ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵਾਰਥ ਛੇਤੀ ਤੋਂ ਛੇਤੀ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਵੇਗਾ ਅਤੇ ਆਪਣੇ ਸੁਪਨਿਆਂ ਨੂੰ ਹਾਸਿਲ ਕਰਨ ਲਈ ਅੱਗੇ ਵਧੇਗਾ। ਮੈਨੂੰ ਉਮੀਦ ਹੈ ਕਿ ਮੇਰਾ ਯੋਗਦਾਨ ਵੱਧ ਤੋਂ ਵੱਧ ਲੋਕਾਂ ਨੂੰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਪ੍ਰੇਰਿਤ ਕਰੇਗਾ।”
ਇਸ ਬਾਰੇ ਵਾਰਥ ਦੀ ਮਾਤਾ ਸਵਪਨਾ ਨੇ ਕਿਹਾ, ”ਕੇ. ਐੱਲ. ਰਾਹੁਲ ਨੇ ਮੇਰੇ ਪੁੱਤਰ ਲਈ ਇੰਨੀ ਵੱਡੀ ਰਕਮ ਦਿੱਤੀ ਹੈ। ਉਸ ਲਈ ਮੈਂ ਰਾਹੁਲ ਦੀ ਧੰਨਵਾਦੀ ਹਾਂ ਕਿਉਂਕਿ ਸਾਡੇ ਲਈ ਇੰਨੇ ਘੱਟ ਸਮੇਂ ‘ਚ ਇੰਨੀ ਛੇਤੀ ਟਰਾਂਸਪਲਾਂਟ ਕਰਨਾ ਨਾਮੁਮਕਿਨ ਸੀ। ਮੈਂ ਬਸ ਤੁਹਾਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ।”












