ਪੱਤਰਕਾਰ ਵਲੋਂ ਧਮਕਾਉਣ ਦਾ ਮਾਮਲੇ ‘ਚ BCCI ਸਾਹਾ ਤੋਂ ਕਰੇਗਾ ਪੁੱਛਗਿਛ

ਮੁੰਬਈ (ਭਾਸ਼ਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਤੋਂ ਉਸ ਦੇ ਟਵੀਟ ਦੇ ਸੰਦਰਭ ਬਾਰੇ ਪੁੱਛੇਗਾ ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਇੱਕ ਪੱਤਰਕਾਰ ਨੇ ਇੰਟਰਵਿਊ ਲਈ ਸਹਿਮਤ ਨਾ ਹੋਣ ‘ਤੇ ਉਸ ਨੂੰ ਧਮਕੀ ਦਿੱਤੀ ਸੀ। ਭਾਰਤੀ ਟੈੱਸਟ ਟੀਮ ਤੋਂ ਹਾਲ ਹੀ ‘ਚ ਬਾਹਰ ਕੀਤੇ ਗਏ ਸਾਹਾ ਨੇ ਟਵਿਟਰ ‘ਤੇ ਦੋਸ਼ ਲਗਾਇਆ ਸੀ ਕਿ ਇੱਕ ਸਤਿਕਾਰਿਤ ਪੱਤਰਕਾਰ ਨੇ ਉਸ ਵਲੋਂ ਇੰਟਰਵਿਊ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹਮਲਾਵਰ ਰਵੱਈਆ ਅਪਨਾਇਆ ਸੀ। ਇਸ ਟਵੀਟ ਤੋਂ ਬਾਅਦ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ, ਵਰਿੰਦਰ ਸਹਿਵਾਗ ਅਤੇ ਹਰਭਜਨ ਸਿੰਘ ਵਰਗੇ ਸਾਬਕਾ ਸਿਤਾਰੇ ਸਾਹਾ ਦੇ ਸਮਰਥਨ ‘ਚ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਪੱਤਰਕਾਰ ਦਾ ਨਾਂ ਦੱਸਣ ਲਈ ਕਿਹਾ।
BCCI ਦੇ ਖ਼ਜ਼ਾਨਚੀ ਅਰੁਣ ਧੂਮਲ ਨੇ ਸੋਮਵਾਰ ਨੂੰ ਕਿਹਾ, ”ਜੀ ਹਾਂ, ਅਸੀਂ ਰਿਧੀਮਾਨ ਤੋਂ ਉਨ੍ਹਾਂ ਦੇ ਟਵੀਟ ਬਾਰੇ ਪੁੱਛਾਂਗੇ ਅਤੇ ਜਾਣਾਂਗੇ ਕਿ ਅਸਲ ‘ਚ ਕੀ ਹੋਇਆ ਸੀ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕੀ ਉਸ ਨੂੰ ਧਮਕੀ ਦਿੱਤੀ ਗਈ ਸੀ ਅਤੇ ਉਸ ਦੇ ਟਵੀਟ ਦਾ ਪਿਛੋਕੜ ਅਤੇ ਸੰਦਰਭ ਕੀ ਸੀ। ਮੈਂ ਹੋਰ ਕੁੱਝ ਨਹੀਂ ਕਹਿ ਸਕਦਾ ਹਾਂ। ਸਾਡੇ ਸਕੱਤਰ (ਜੇ ਸ਼ਾਹ) ਰਿਧੀਮਾਨ ਨਾਲ ਜ਼ਰੂਰ ਗੱਲ ਕਰਨਗੇ।
ਸਾਹਾ ਨੂੰ ਹਾਲ ਹੀ ‘ਚ ਭਾਰਤੀ ਟੀਮ ਵੱਲੋਂ ਖੇਡਣ ਦਾ ਮੌਕਾ ਨਹੀਂ ਮਿਲਿਆ। ਉਸ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਮਹੀਨੇ ਦੱਖਣੀ ਅਫ਼ਰੀਕਾ ਸੀਰੀਜ਼ ਤੋਂ ਬਾਅਦ ਦ੍ਰਾਵਿੜ ਨੇ ਉਸ ਨੂੰ ਆਪਸੀ ਗੱਲਬਾਤ ‘ਚ ਸੰਨਿਆਸ ਲੈਣ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ। ਦ੍ਰਾਵਿੜ ਨੇ ਕਿਹਾ ਕਿ ਸਾਹਾ ਨਾਲ ਗੱਲ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਉਸ ਨੂੰ ਇਹ ਸਪੱਸ਼ਟ ਤੌਰ ‘ਤੇ ਪਤਾ ਹੋਵੇ ਕਿ ਟੀਮ ‘ਚ ਉਸ ਦੀ ਸਥਿਤੀ ਕੀ ਹੈ ਅਤੇ ਉਸ (ਦ੍ਰਾਵਿੜ) ਨੂੰ ਇਸ ਦਾ ਪਛਤਾਵਾ ਨਹੀਂ।